ਭਦੌੜ : ਨਗਰ ਕੌਂਸਲ ਅਧੀਨ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੇ ਅੱਜ ਤੋਂ ਹੜਤਾਲ ਕਰ ਕੇ ਸ਼ਹਿਰ ਵਿਚ ਸਫਾਈ ਕਾਰਜ ਬੰਦ ਕਰ ਦਿੱਤੇ ਹਨ। ਇਸ ਦੌਰਾਨ ਸਫਾਈ ਸੇਵਕਾਂ ਵੱਲੋਂ ਨਗਰ ਕੌਂਸਲ ਦੇ ਗੇਟ ਅੱਗੇ ਧਰਨਾ ਲਗਾ ਕੇ ਨਗਰ ਕੌਂਸਲ ਪ੍ਰਧਾਨ ਅਤੇ ਨਗਰ ਕੌਂਸਲ ਦੇ ਈਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਦੌਰਾਨ ਸਫਾਈ ਸੇਵਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਦੋ-ਤਿੰਨ ਮਹੀਨਿਆਂ ਬਾਅਦ ਧਰਨੇ ਲਗਾ ਕੇ ਤਨਖਾਹਾਂ ਲੈਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ 36 ਕੱਚੇ ਪੱਕੇ ਸਫਾਈ ਸੇਵਕਾਂ ਦੀਆਂ ਤਿੰਨ ਮਹੀਨੇ ਦੀਆਂ ਤਨਖਾਹਾਂ ਬਕਾਇਆ ਹਨ, ਜਿਸ ਕਰਕੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ ਤੇ ਈਓ ਵੱਲੋਂ ਵੀ ਉਨ੍ਹਾਂ ਨੂੰ ਤਨਖਾਹਾਂ ਦੇਣ ਤੋਂ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਸਬੰਧੀ ਵਾਰ-ਵਾਰ ਸਾਡੇ ਵੱਲੋਂ ਸਬੰਧਤ ਈਓ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਪਰੰਤੂ ਉਹਦੇ ਕੰਨ ਉਤੇ ਜੂੰ ਤੱਕ ਨਹੀਂ ਸਰਕ ਰਹੀ।
ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਤਨਖਾਹਾਂ ਵਿਚੋਂ ਕੱਟਿਆ ਗਿਆ ਟੀਏ ਡੀਏ ਫੰਡ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਖਾਤਿਆਂ ਵਿੱਚ ਅਜੇ ਤੱਕ ਜਮ੍ਹਾਂ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵਰਦੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 22 ਕੱਚੇ ਮੁਲਾਜ਼ਮਾਂ ਵਿਚੋਂ 21 ਮੁਲਾਜ਼ਮ ਸਰਕਾਰ ਵੱਲੋਂ ਕੱਚਿਆਂ ਤੋਂ ਪੱਕੇ ਕੀਤੇ ਗਏ ਹਨ ਪਰ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਮੀਟਿੰਗ ਨਹੀਂ ਕਰ ਰਿਹਾ।
ਉਨ੍ਹਾਂ ਵੱਲੋਂ ਮਜਬੂਰਨ ਅੱਜ ਸ਼ਹਿਰ ਦੀ ਸਫਾਈ ਦਾ ਕੰਮ ਬੰਦ ਕਰ ਕੇ ਹੜਤਾਲ ਕੀਤੀ ਗਈ ਹੈ। ਇਹ ਹੜਤਾਲ ਉਦੋਂ ਤੱਕ ਸਮਾਪਤ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੀਆਂ ਤਿੰਨ ਮਹੀਨਿਆਂ ਦੀਆਂ ਬਕਾਇਆ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਉਨ੍ਹਾਂ ਮੰਗ ਕੀਤੀ ਕਿ 2004 ਤੋਂ ਕੱਟੇ ਗਏ ਟੀਏ-ਡੀਏ ਫੰਡ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾਣ। ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਤੋਂ ਪੱਕੇ ਕੀਤੇ ਮੁਲਾਜ਼ਮਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ।