ਬਰਨਾਲਾ: ਕੋਰੋਨਾ ਮਹਾਂਮਾਰੀ ਕਾਰਨ ਬੀਤੇ 5 ਮਹੀਨਿਆਂ ਤੋਂ ਬੰਦ ਪਏ ਮੈਰਿਜ ਪੈਲੇਸਾਂ ਕਾਰਨ ਵਿਆਹ ਸਮਾਗਮਾਂ ਨਾਲ ਜੁੜੇ ਕਾਰੋਬਾਰੀ ਬੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਵਿਆਹ ਸਮਾਗਮਾਂ ਨਾਲ ਜੁੜੇ ਕਾਰੋਬਾਰੀਆਂ ਨੇ ਅੱਜ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ ਹੈ। ਇਸ ਦੌਰਾਨ ਵਿਆਹ ਸਮਾਗਮਾਂ ਨਾਲ ਜੁੜੇ ਇੱਕ ਦਰਜਨ ਤੋਂ ਵੱਧ ਯੂਨੀਅਨਾਂ ਨੇ ਪੰਜਾਬ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਵਿਆਹ ਸਮਾਗਮਾਂ 'ਚ 300 ਲੋਕਾਂ ਦੇ ਇਕੱਠ ਨੂੰ ਦਿੱਤੀ ਜਾਵੇ ਮਨਜੂਰੀ
ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੈਰਿਜ ਪੈਲੇਸਾਂ ਵਿੱਚ ਵਿਆਹ ਸਮਾਗਮਾਂ ਮੌਕੇ ਲੋਕਾਂ ਦੇ ਇਕੱਠ ਨੂੰ ਵਧਾ ਕੇ 300 ਲੋਕਾਂ ਦੇ ਇਕੱਠ ਨੂੰ ਮਨਜੂਰੀ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮੈਰਿਜ ਪੈਲਸ ਐਸੋਸੀਏਸ਼ਨ, ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਹੋਰ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਉਨ੍ਹਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਹਨ। ਇਸ ਕਰਕੇ ਉਨ੍ਹਾਂ ਨੂੰ ਹੁਣ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੀਸੀ ਨੂੰ ਦਿੱਤਾ ਮੰਗ ਪੱਤਰ
ਉਨ੍ਹਾਂ ਕਿਹਾ ਕਿ ਅੱਜ ਵਿਆਹ ਸਮਾਗਮਾਂ ਨਾਲ ਜੁੜੇ ਮੈਰਿਜ ਪੈਲਸ ਐਸੋਸੀਏਸ਼ਨ, ਡੀਜੇ ਐਸੋਸੀਏਸ਼ਨ, ਹਲਵਾਈ ਯੂਨੀਅਨ, ਵੇਟਰ ਯੂਨੀਅਨ, ਕੈਟਰਿੰਗ ਯੂਨੀਅਨ, ਫੋਟੋਗ੍ਰਾਫਰ ਯੂਨੀਅਨ, ਬੈਂਡ ਯੂਨੀਅਨ ਅਤੇ ਲਾਈਟ ਐਂਡ ਸਾਊਂਡ ਐਸੋਸੀਏਸ਼ਨ ਵੱਲੋਂ ਇਕੱਠੇ ਹੋ ਕੇ ਡੀਸੀ ਨੂੰ ਪੰਜਾਬ ਸਰਕਾਰ ਦੇ ਨਾਂਅ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਹੈ। ਸਰਕਾਰ ਨੇ ਵਿਆਹ ਸਮਾਗਮਾਂ ਵਿੱਚ ਸਿਰਫ਼ 30 ਲੋਕਾਂ ਦੇ ਇਕੱਠ ਨੂੰ ਹੀ ਇਜਾਜ਼ਤ ਦਿੱਤੀ ਹੈ। ਇਸ ਕਾਰਨ ਕਈ ਕਾਰੋਬਾਰ ਬੰਦ ਹੋਣ ਦੀ ਕਗਾਰ 'ਚ ਖੜ੍ਹੇ ਹਨ।
ਕੋਰੋਨਾ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ
ਨੁਮਾਇੰਦਿਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ 50 ਸੀਟਾਂ ਵਾਲੀ ਬੱਸ ਵਿੱਚ 50 ਵਿਅਕਤੀਆਂ ਨੂੰ ਬੈਠਣ ਦੀ ਇਜਾਜ਼ਤ ਦੇ ਰਹੀ ਹੈ, ਉੱਥੇ ਹੀ ਦੂਜੇ ਪਾਸੇ ਖੁੱਲ੍ਹੇ ਡੁੱਲ੍ਹੇ ਮੈਰਿਜ ਪੈਲੇਸਾਂ ਵਿੱਚ 300 ਵਿਅਕਤੀਆਂ ਦੇ ਇਕੱਠ ਨੂੰ ਇਜਾਜ਼ਤ ਨਹੀਂ ਦੇ ਰਹੀ, ਜਿਸ ਕਰਕੇ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ।
ਮੰਗਾਂ ਨਾ ਪੂਰੀਆਂ ਹੋਣ 'ਤੇ ਕੀਤਾ ਜਾਵੇਗਾ ਸੰਘਰਸ਼
ਇਨ੍ਹਾਂ ਦਿਨਾਂ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਕਿਸਮ ਦੇ ਟੈਕਸ, ਬਿਜਲੀ ਬਿੱਲ ਵਿੱਚ ਕੋਈ ਰਾਹਤ ਵੀ ਨਹੀਂ ਦਿੱਤੀ ਗਈ। ਉਨ੍ਹਾਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਵੀ ਲਗਾਤਾਰ ਪਹਿਲਾਂ ਦੀ ਤਰ੍ਹਾਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਨੂੰ ਉਨ੍ਹਾਂ ਦੇ ਕਾਰੋਬਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਰਿਜ ਪੈਲਸਾਂ ਵਿੱਚ 300 ਵਿਅਕਤੀਆਂ ਦੇ ਇਕੱਠ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਮੁੜ ਤੋਂ ਸ਼ੁਰੂ ਕਰ ਸਕਣ।