ਬਰਨਾਲਾ: ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਅਧੀਨ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਸ਼ਾਮਲ ਕਰਨ। ਇਸ ਸਕੀਮ ਤਹਿਤ ਲੋੜਵੰਦ ਲੋਕਾਂ ਲਈ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।
ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 5 ਮਾਰਕੀਟ ਕਮੇਟੀਆਂ ਬਰਨਾਲਾ, ਧਨੌਲਾ, ਤਪਾ, ਭਦੌੜ ਤੇ ਮਹਿਲ ਕਲਾਂ ਵਿਖੇ ਸਥਾਈ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਆਪਣੇ ਈ-ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀਆਂ ਵਿੱਚ ਕੈਂਪ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਤੋਂ 5 ਵਜੇ ਤੱਕ ਲਾਏ ਜਾਂਦੇ ਹਨ।
ਕਾਮਨ ਸਰਵਿਸ ਸੈਂਟਰਾਂ ਤੋਂ ਬਣਵਾਏ ਜਾ ਸਕਦੇ ਹਨ ਈ-ਕਾਰਡ
ਡੀਸੀ ਫੂਲਕਾ ਆਸਿਆ ਕਿ ਇਸ ਯੋਜਨਾ ਤਹਿਤ ਈ-ਕਾਰਡ ‘ਕਾਮਨ ਸਰਵਿਸ ਸੈਂਟਰਾਂ’ (ਸੀ.ਐਸ.ਸੀਜ਼.) ’ਤੇ ਵੀ ਬਣਵਾਏ ਜਾ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਸ ਸਕੀਮ ਤਹਿਤ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇ, ਜਿਨ੍ਹਾਂ ਅਜੇ ਤੱਕ ਇਸ ਸਕੀਮ ਦੇ ਲਾਭ ਹਿੱਤ ਕਾਰਡ ਨਹੀਂ ਬਣਵਾਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਵਸਨੀਕ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਨਾਲ ਰਜਿਸਟਰਡ ਮਜ਼ਦੂਰ, ਜੇ ਫਾਰਮ ਧਾਰਕ ਕਿਸਾਨ, ਐਕਰੀਡੇਟਿਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ, ਆਬਕਾਰੀ ਅਤੇ ਟੈਕਸ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਆਦਿ ਹਨ, ਉਹ ਸਰਕਾਰ ਵੱਲੋਂ ਸੂਚੀਬੱਧ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਪ੍ਰਤੀ ਸਾਲ ਮੁਫ਼ਤ ਇਲਾਜ ਦਾ ਲਾਭ ਲੈਣ ਲਈ ਈ-ਕਾਰਡ ਜ਼ਰੂਰ ਬਣਵਾਉਣ।
ਈ-ਕਾਰਡ ਲਈ ਕਿੱਥੇ ਕੀਤਾ ਜਾ ਸਕਦਾ ਹੈ ਅਪਲਾਈ?
ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਈ-ਕਾਰਡ ਲਈ ਜ਼ਿਲ੍ਹੇ ਵਿੱਚ ਮਾਰਕੀਟ ਕਮੇਟੀ ਬਰਨਾਲਾ, ਧਨੌਲਾ, ਤਪਾ, ਭਦੌੜ ਤੇ ਮਹਿਲ ਕਲਾਂ ਦੇ ਦਫਤਰ ਵਿਖੇ ਜਾਂ ਕਿਸੇ ਕਾਮਨ ਸਰਵਿਸ ਸੈਂਟਰ ਵਿਖੇ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ। ਇਸ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਟਾਈਪ 2 ਸੇਵਾ ਕੇਂਦਰਾਂ ਵਿੱਚ 22 ਤੋਂ ਸ਼ੁਰੂ ਹੋਵੇਗੀ ਸੇਵਾ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਾਈਪ 1 ਸੇਵਾ ਕੇਂਦਰ ਵਿੱਚ ਈ ਕਾਰਡ ਦੀ ਸੇਵਾ ਚਾਲੂ ਹੈ, ਜਦੋਂਕਿ ਟਾਈਪ 2 ਸੇਵਾ ਕੇਂਦਰਾਂ ’ਚ 22 ਫਰਵਰੀ ਅਤੇ ਟਾਈਪ 3 ਸੇਵਾ ਕੇਂਦਰਾਂ ’ਚ ਇਹ ਸੇਵਾ 26 ਫਰਵਰੀ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਟਾਈਪ 1 ਸੇਵਾ ਕੇਂਦਰ ਡੀਏਸੀ ਕੰਪਲੈਕਸ ਵਿਖੇ, ਟਾਈਪ 2 ਸੇਵਾ ਕੇਂਦਰ ਪ੍ਰੇਮ ਪ੍ਰਧਾਨ ਮਾਰਕੀਟ ਨੇੜੇ ਬੱਸ ਅੱਡਾ ਬਰਨਾਲਾ, ਵਾਟਰ ਵਰਕਸ ਨੇੜੇ ਸਰਕਾਰੀ ਸਕੂਲ ਸੰਘੇੜਾ ਬਰਨਾਲਾ, ਆਈ.ਟੀ.ਆਈ.ਚੌਕ ਵਿਖੇ ਸਥਿਤ ਆਈ.ਟੀ.ਆਈ (ਲੜਕੇ) , ਹੰਡਿਆਇਆ , ਟਿਊਬਵੈੱਲ ਨੰਬਰ 1 ਨੇੜੇ ਸਿਵਲ ਹਸਪਤਾਲ ਧਨੌਲਾ, ਦਫਤਰ ਉਪ ਮੰਡਲ, ਮੈਜਿਸਟ੍ਰੇਟ ਤਪਾ ਅਤੇ ਸਬ ਤਹਿਸੀਲ ਭਦੌੜ ਵਿਖੇ ਸਥਿਤ ਹੈ। ਇਸੇ ਤਰਾਂ ਟਾਈਪ 3 ਸੇਵਾ ਕੇਂਦਰ ਧੂਰਕੋਟ ਅਤੇ ਮਹਿਲ ਕਲਾਂ ਵਿਖੇ ਸਥਿਤ ਹਨ।