ਬਰਨਾਲਾ : ਮਾਲਵਾ ਸਾਹਿਤ ਸਭਾ ਵੱਲੋਂ ਕਿਤਾਬ ਰਿਲੀਜ਼ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪ੍ਰਸਿੱਧ ਆਲੋਚਕ ਅਤੇ ਕਹਾਣੀਕਾਰ ਅਲੀ ਖਾਨ ਰਾਜਪੁਰਾ ਦੇ ਕਹਾਣੀ ਸੰਗ੍ਰਹਿ ਚੋਂ ਇੱਕ ਨਵੀਂ ਕਿਤਾਬ ਸਿੱਖਾਂ ਅਤੇ ਮੁਸਲਮਾਨ ਦੀ ਇਤਿਹਾਸਕ ਸਾਂਝ ਰਿਲੀਜ਼ ਕੀਤੀ ਗਈ।
ਰਿਲੀਜ਼ ਕੀਤੀ ਗਈ ਨਵੀਂ ਕਿਤਾਬ ਉੱਤੇ ਮਾਹਿਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਲੇਖਕ ਬੂਟਾ ਖਾਨ ਸੁੱਖੀ ਦੀਆਂ ਹੋਰ ਦੋ ਮਿੰਨੀ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਸ ਕਿਤਾਬ ਰਿਲੀਜ਼ ਅਤੇ ਸਨਮਾਨ ਸਮਾਰੋਹ ਦੌਰਾਨ ਵੱਡੀ ਗਿਣਤੀ 'ਚ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਨੇ ਭਾਗ ਲਿਆ।
ਹੋਰ ਪੜ੍ਹੋ :ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਸ਼ਨ ਦੀ ਹੋਈ ਮੀਟਿੰਗ
ਇਸ ਮੌਕੇ ਸਾਹਿਤਕਾਰਾਂ ਨੇ ਸਾਹਿਤ 'ਤੇ ਬੋਲਦੇ ਹੋਏ ਕਿਹਾ ਕਿ ਅੱਜ ਸਮਾਜ ਨੂੰ ਕਿਤਾਬਾਂ ਅਤੇ ਸਾਹਿਤ ਨਾਲ ਜੋੜਨ ਦੀ ਬਹੁਤ ਲੋੜ ਹੈ। ਮੌਜੂਦਾ ਸਮਾਜ ਵਿੱਚ ਪੱਛਮੀ ਸੱਭਿਆਚਾਰ ਜ਼ਿਆਦਾ ਭਾਰੂ ਹੋ ਚੁੱਕਿਆ ਹੈ। ਨੌਜਵਾਨ ਪੀੜ੍ਹੀ ਕਿਤਾਬਾਂ ਅਤੇ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਮੌਕੇ ਸਾਹਿਤਕਾਰਾਂ ਨੇ ਸਮਾਜ ਵਿੱਚ ਵਾਤਾਵਰਣ ਨੂੰ ਬਚਾਉਣ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਵੀ ਪ੍ਰੇਰਿਤ ਕਰਦੇ ਹੋਏ ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਜੇਕਰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤਾਂ ਉਨ੍ਹਾਂ ਨੂੰ ਰੁਜ਼ਗਾਰ ਮੁਹਇਆ ਕਰਵਾਉਣਾ ਜ਼ਰੂਰੀ ਹੈ। ਜੇਕਰ ਨੌਜਵਾਨ ਰੋਜ਼ਗਾਰ 'ਚ ਰੁੱਝੇ ਰਹਿਣਗੇ ਤਾਂ ਉਹ ਮਾੜੀ ਸੰਗਤ ਤੋਂ ਵੀ ਬਚੇ ਰਹਿਣਗੇ ਅਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ।