ਬਰਨਾਲਾ: ਜ਼ਿਲ੍ਹੇ ਦੇ ਤਰਕਸ਼ੀਲ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਚੱਲ ਰਹੇ ਕਿਸਾਨੀ ਘੋਲ ਸਮੇਤ ਹੋਰ ਕਈ ਅਹਿਮ ਫੈਸਲੇ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਲਖੀਮਪੁਰ ਖੀਰੀ 'ਚ ਭਾਜਪਾ ਮੰਤਰੀ ਦੀ ਸਾਜ਼ਿਸ਼ ਤਹਿਤ ਕੀਤੇ ਗਏ ਕਿਸਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਪੂਰਾ ਇਨਸਾਫ਼ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ। ਜਿਸ ਮੁਤਾਬਿਕ 12 ਅਕਤੂਬਰ ਨੂੰ ਪੰਜੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੰਜਾਬ ਭਰ ਵਿੱਚ ਵੱਡੇ ਪ੍ਰੋਗਰਾਮ ਕੀਤੇ ਗਏ ਸੀ। ਉਸੇ ਤਰ੍ਹਾਂ ਹੁਣ 16 ਅਕਤੂਬਰ ਨੂੰ ਥਾਂ-ਥਾਂ ਵੱਡੇ ਇਕੱਠ ਕਰਕੇ ਮੋਦੀ, ਅਮਿਤ ਸ਼ਾਹ ਤੇ ਸਾਮਰਾਜੀ ਕਾਰਪੋਰੇਟਾਂ ਦੇ ਗੱਠਜੋੜ ਦੇ ਪੁਤਲੇ ਫੂਕੇ ਜਾਣਗੇ। 18 ਅਕਤੂਬਰ ਨੂੰ 10 ਤੋਂ 4 ਵਜੇ ਤੱਕ ਛੇ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਪੂਰਾ ਤਾਣ ਲਾ ਕੇ ਕਾਮਯਾਬ ਕੀਤਾ ਜਾਵੇਗਾ। 26 ਅਕਤੂਬਰ ਨੂੰ ਲਖਨਊ ਵਿਚ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਰੈਲੀ ਵਿੱਚ ਕਿਸਾਨ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ।
'ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਦਾ ਘਿਰਾਓ'
ਝੋਨੇ ਦੀ ਵਾਢੀ ਦੇ ਰੁਝੇਵਿਆਂ ਦੇ ਬਾਵਜੂਦ 17 ਅਕਤੂਬਰ ਤੋਂ ਸ਼ੁਰੂ ਕਰਕੇ ਹਰ ਹਫ਼ਤੇ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਭੇਜੇ ਜਾਣਗੇ। 5 ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਨਰਮੇ ਦੀ ਤਬਾਹੀ ਦਾ ਪੂਰਾ ਮੁਆਵਜ਼ਾ ਲੈਣ ਲਈ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਦਾ ਮੁਕੰਮਲ ਤੌਰ 'ਤੇ ਪੱਕਾ ਘਿਰਾਓ ਕੀਤਾ ਜਾਵੇਗਾ ਅਤੇ ਫਿਰ ਵੀ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਸ ਘੋਲ਼ ਨੂੰ ਸੂਬਾ ਪੱਧਰੀ ਰੂਪ ਦਿੱਤਾ ਜਾਵੇਗਾ।
'ਵਿਸ਼ਾਲ ਰੋਸ ਪ੍ਰਦਰਸ਼ਨ ਚ ਕੀਤੀ ਜਾਵੇਗੀ ਸ਼ਮੂਲਿਅਤ'
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਦੀ ਸਾਂਝੀ ਕਮੇਟੀ ਵੱਲੋਂ ਆਜ਼ਾਦੀ ਸੰਗਰਾਮ ਦੀ ਰੌਸ਼ਨ ਯਾਦਗਾਰ ਜਲ੍ਹਿਆਂਵਾਲਾ ਬਾਗ਼ ਦੇ ਬੁਨਿਆਦੀ ਸਰੂਪ ਨੂੰ ਵਿਗਾੜਨ ਖਿਲਾਫ ਅਤੇ ਮੂਲ ਸਰੂਪ ਬਹਾਲ ਕਰਨ ਲਈ ਮੋਦੀ ਸਰਕਾਰ ਵਿਰੁੱਧ 22 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਵਿਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
'ਕੇਂਦਰ ਸਰਕਾਰ ਲਵੇ ਆਪਣਾ ਫੈਸਲਾ ਵਾਪਿਸ'
ਦੂਜੇ ਪਾਸੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਪੁਲਿਸ ਅਧਿਕਾਰ ਬੀਐੱਸਐੱਫ ਨੂੰ ਦੇਣ ਦੀ ਮੋਦੀ ਸਰਕਾਰ ਦੀ ਤਾਨਾਸ਼ਾਹ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੋਰਿੰਡਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਉੱਤੇ ਮੁੱਖ ਮੰਤਰੀ ਚੰਨੀ ਦੇ ਇਸ਼ਾਰੇ 'ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਗਈ।
ਲਖੀਮਪੁਰ ਕਾਂਡ ਦੇ ਸ਼ਹੀਦਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਥੀ ਜਾਣ ਵਾਲੀ ਮਿਤੀ ਨੂੰ ਹੁਸੈਨੀਵਾਲਾ ਸ਼ਹੀਦੀ ਯਾਦਗਾਰ ਤੱਕ ਵਿਸ਼ਾਲ ਕਾਫ਼ਲਾ ਮਾਰਚ ਕੀਤਾ ਜਾਵੇਗਾ। ਟਾਟਾ ਕੰਪਨੀ ਨਾਲ ਸਰਕਾਰ ਦੀ ਮਿਲੀ ਭੁਗਤ ਕਾਰਨ ਪੈਦਾ ਹੋਈ ਬਿਜਲੀ ਦੀ ਭਾਰੀ ਕਮੀ ਅਤੇ ਨਿੱਜੀ ਕੰਪਨੀਆਂ ਦੇ ਵਾਰੇ ਨਿਆਰੇ ਕਰਨ ਦੀ ਨੀਤੀ ਅਧੀਨ ਸਹਿਕਾਰੀ ਸਭਾਵਾਂ ਵਿਚ ਪੈਦਾ ਕੀਤੀ ਡੀਏਪੀ ਖਾਦ ਦੀ ਕਿੱਲਤ ਵਿਰੁੱਧ ਸੰਬੰਧਿਤ ਅਧਿਕਾਰੀਆਂ ਵਿਰੁੱਧ ਘਿਰਾਓ ਮੋਰਚੇ ਲਾਏ ਜਾਣਗੇ। ਝੋਨੇ ਦੀ ਖਰੀਦ ਵਿੱਚ ਅੜਿੱਕੇ ਡਾਹੁਣ ਵਾਲੇ ਅਧਿਕਾਰੀਆਂ ਦੇ ਅਤੇ ਛਾਣ ਫੂਸ ਨੂੰ ਕਿਸਾਨਾਂ ਦੀ ਆਪਣੀ ਮਰਜ਼ੀ ਮੁਤਾਬਕ ਨਿਪਟਾਉਣ ਤੋਂ ਰੋਕਣ ਵਾਲੇ ਅਧਿਕਾਰੀਆਂ ਦੇ ਵੀ ਘਿਰਾਓ ਕੀਤੇ ਜਾਣਗੇ। ਇਸ ਮਾਮਲੇ 'ਤੇ ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ ਦਾ ਵੀ ਡਟਵਾਂ ਸਾਥ ਦਿੱਤਾ ਜਾਵੇਗਾ।
ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ! ਦੇਖੋ ਵੀਡੀਓ...