ਬਰਨਾਲਾ: ਪਿੰਡ ਚੀਮਾ ਵਿਖੇ ਸਥਿਤ ਪੈਟਰੋਲ ਪੰਪ ਵਾਲਿਆਂ ’ਤੇ ਕਿਸਾਨ ਯੂਨੀਅਨ ਡਕੌਂਦਾ ਨੇ ਫ਼ੌਜ ਤੋਂ ਛੁੱਟੀ ਆਏ ਜਵਾਨ ਦੀ ਕਾਰ ਵਿੱਚ ਤੇਲ ਘੱਟ ਪਾਉਣ ਦੇ ਦੋਸ਼ ਲਾਏ ਹਨ। ਇਸ ਦੇ ਰੋਸ ਵਿੱਚ ਉਨ੍ਹਾਂ ਨੂੰ ਪੰਪ ਅੱਗੇ ਨਾਅਰੇਬਾਜ਼ੀ ਕਰਦਿਆਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਪਿੰਡ ਉਗੋਕੇ ਦੇ ਆਰਮੀ ਤੋਂ ਛੁੱਟੀ ਆਏ ਜਵਾਨ ਗੋਰਾ ਸਿੰਘ ਨੇ ਦੱਸਿਆ ਕਿ ਉਸਨੇ ਪੈਟਰੋਲ ਪੰਪ ਤੋਂ ਆਪਣੀ ਕਾਰ ਵਿੱਚ 500 ਰੁਪਏ ਦਾ ਡੀਜ਼ਲ ਪਵਾਇਆ ਸੀ। ਇਸ ਦੀ ਪਰਚੀ ਵੀ ਉਨ੍ਹਾਂ ਕੋਲ ਮੌਜੂਦ ਹੈ। ਗੋਰਾ ਸਿੰਘ ਤੇਲ ਪਵਾ ਕੇ ਅਜੇ 4 ਕਿਲੋਮੀਟਰ ਦੂਰ ਵੀ ਨਹੀਂ ਗਿਆ ਸੀ ਕਿ ਕਾਰ ਬੰਦ ਹੋ ਗਈ ਅਤੇ ਤੇਲ ਖ਼ਤਮ ਹੋ ਗਿਆ।
ਇਸ ਬਾਰੇ ਉਨ੍ਹਾਂ ਨੇ ਪੰਪ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੀ ਗ਼ਲਤੀ ਮੰਨਣ ਦੀ ਥਾਂ ਗੱਡੀ ਵਿੱਚ ਨੁਕਸ ਦੀ ਗੱਲ ਆਖ਼ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਤੇ ਬਲਾਕ ਆਗੂ ਬਲਵੰਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਹਿਲਾਂ ਵੀ ਇਸ ਪੰਪ ਦੀਆਂ ਸ਼ਿਕਾਇਤਾਂ ਉਨ੍ਹਾਂ ਨੂੰ ਆਉਂਦੀਆਂ ਰਹਿੰਦੀਆਂ ਹਨ, ਅੱਜ ਤਾਂ ਉਨ੍ਹਾਂ ਨੇ ਹੱਦ ਹੀ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਪੰਪ ਦੇ ਮਾਲਕ ਤੇ ਤੇਲ ਪਾਉਣ ਵਾਲਿਆਂ ਵਿਰੁੱਧ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ 19 ਫ਼ਰਵਰੀ ਨੂੰ ਪੰਪ ਅੱਗੇ ਜੱਥੇਬੰਦੀ ਵਲੋਂ ਧਰਨਾ ਲਾਉਣਗੇ, ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਸਬੰਧੀ ਪੰਪ ਮਾਲਕ ਚਰਨਜੀਤ ਸਿੰਘ ਨੇ ਘੱਟ ਤੇਲ ਪਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਯੂਨੀਅਨ ਤੇ ਕਾਰ ਮਾਲਕ ਨੂੰ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ’ਚ ਗੱਡੀ ਦੀ ਟੈਂਕੀ ਚੈਕ ਕਰਵਾਉਣ ਲਈ ਕਿਹਾ ਹੈ, ਪਰ ਉਹ ਅਜਿਹਾ ਨਹੀਂ ਕਰ ਰਹੇ।
ਗੱਡੀ ਵਿੱਚ ਬਿਲਕੁਲ ਸਹੀ ਤੇਲ ਪਾਇਆ ਗਿਆ ਹੈ ਅਤੇ ਕਿਸੇ ਨਾਲ ਕੋਈ ਠੱਗੀ ਨਹੀਂ ਕੀਤੀ ਗਈ। ਕਾਰ ਵਿੱਚ ਕੋਈ ਤਕਨੀਕੀ ਨੁਕਸ ਹੈ ਨਾ ਕਿ ਕੋਈ ਤੇਲ ਘੱਟ ਪਾਇਆ ਹੈ। ਚਰਨਜੀਤ ਸਿੰਘ ਪੰਪ ਮਾਲਕ ਇਸ ਮਾਮਲੇ ਸਬੰਧੀ ਕਾਰਵਾਈ ਨਾ ਕਰਨ ’ਤੇ ਕਿਸਾਨ ਯੂਨੀਅਨ ਨੇ ਧਰਨਾ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ। ਉਧਰ ਇਸ ਮਾਮਲੇ ’ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਜਦੋਂ ਸ਼ਿਕਾਇਤ ਆਵੇਗੀ, ਉਸਤੋਂ ਬਾਅਦ ਹੀ ਕਾਰਵਾਈ ਹੋਵੇਗੀ।