ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਗੂਰਦੁਆਰਾ ਰਾਮਬਾਗ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਜਥੇਬੰਦੀ ਵੱਲੋਂ ਸ਼ੁਰੂ ਕੀਤੀ ਹੋਈ "ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ" ਮੁਹਿੰਮ ਨੂੰ ਹੋਰ ਭਖਾਉਣ ਲਈ 17 ਫਰਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਲੋਕ ਕਲਿਆਣ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਰੈਲੀ ਮੌਕੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੇ ਬੁਨਿਆਦੀ ਲੋਕ ਮੁੱਦੇ ਉਭਾਰੇ ਜਾਣਗੇ, ਜਿਨ੍ਹਾਂ ਨੂੰ ਸਾਰੀਆਂ ਵੋਟ ਬਟੋਰੂ ਪਾਰਟੀਆਂ ਜਾਣਬੁੱਝ ਕੇ ਰੋਲ਼ ਰਹੀਆਂ ਹਨ। ਇਹ ਲੋਕ ਮੁੱਦੇ ਹੋਣਗੇ ਜਗੀਰਦਾਰਾਂ ਅਤੋ ਕਾਰਪੋਰੇਟਾਂ ਨੂੰ ਚਲਦਾ ਕਰਕੇ ਨਵਾਂ ਖੇਤੀ ਮਾਡਲ ਲਿਆਓ। ਲੋੜਵੰਦ ਮਜਦੂਰਾਂ ਕਿਸਾਨਾਂ ਦੀ ਜਮੀਨੀ ਤੋਟ ਪੂਰੀ ਕਰੋ, ਸੂਦ-ਖੋਰੀ ਦਾ ਫ਼ਸਤਾ ਵੱਢੋ। ਸਰਕਾਰੀ ਖਜਾਨੇ ਤੇ ਬੈਂਕਾਂ ਦਾ ਮੂੰਹ ਮਜਦੂਰਾਂ-ਕਿਸਾਨਾਂ ਲਈ ਖੋਲ੍ਹੋ।
ਨਵ-ਉਦਾਰਵਾਦੀ ਨੀਤੀਆਂ ਫੈਸਲਿਆਂ ਨੂੰ ਪੁੱਠਾ ਗੇੜਾ ਦੇ ਕੇ ਬਦਲਵਾਂ ਵਿਕਾਸ ਲਿਆਓ। ਰੁਜ਼ਗਾਰ ਉਜਾੜੂ ਨੀਤੀਆਂ ਦਾ ਫਸਤਾ ਵੱਢ ਕੇ ਰੁਜਗਾਰ ਮੁਖੀ ਮਾਡਲ ਲਿਆਓ। ਕਾਣੀ-ਵੰਡ ਦੇ ਖਾਤਮੇ ਲਈ ਜ਼ਮੀਨਾਂ ਜਾਇਦਾਦਾਂ ਲੁਟੇਰਿਆਂ ਤੋਂ ਖੋਹਕੇ ਲੋੜਵੰਦਾਂ ’ਚ ਵੰਡੋ। ਸਿਹਤ ਸੇਵਾਵਾਂ ਤੇ ਵਿਦਿਆ ਮੁਫ਼ਤ ਅਤੇ ਬਾਕੀ ਜਨਤਕ ਸੇਵਾਵਾਂ ਸਸਤੀਆਂ ਦਿਓ। ਜਗੀਰਦਾਰਾਂ ਤੇ ਕਾਰਪੋਰੇਟਾਂ ’ਤੇ ਮੋਟੇ ਟੈਕਸ ਠੋਕੋ ਅਤੇ ਬਾਕੀਆਂ ਤੇ ਟੈਕਸ ਭਾਰ ਘਟਾਓ। ਜਾਤ-ਪਾਤ, ਊਚ-ਨੀਚ, ਧਾਰਮਕ ਵਿਤਕਰੇ ਅਤੇ ਦਾਬੇ ਦਾ ਖਾਤਮਾ ਕਰੋ।
ਇਸ ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਸਕੂਲ ਕਾਲਜ ਬਿਨ੍ਹਾਂ ਸ਼ਰਤ ਖੁੱਲ੍ਹਵਾਉਣ ਲਈ ਰੋਸ ਹਫ਼ਤਾ 10 ਫਰਵਰੀ ਤੱਕ ਬਾਦਸਤੂਰ ਜਾਰੀ ਰੱਖਿਆ ਜਾਵੇਗਾ। ਕਿਉਂਕਿ 5ਵੀਂ ਜਮਾਤ ਤੱਕ ਅਜੇ ਵੀ ਸਕੂਲ ਬੰਦ ਰੱਖਣ ਤੋਂ ਇਲਾਵਾ 6ਵੀਂ ਜਮਾਤ ਤੋਂ ਉੱਪਰ ਵੀ ਬੇਤੁਕੀਆਂ ਸ਼ਰਤਾਂ ਅਧੀਨ ਹੀ ਖੋਲ੍ਹਣ ਦਾ ਫ਼ੈਸਲਾ ਸਰਕਾਰ ਦੀ ਲੋਕ ਵਿਰੋਧੀ ਨੀਤੀ ਉੱਤੇ ਮੋਹਰ ਲਾਉਂਦਾ ਹੈ।
ਇਸ ਮੀਟਿੰਗ ਵਿੱਚ ਸੂਬਾਈ ਅਹੁਦੇਦਾਰਾਂ ਝੰਡਾ ਸਿੰਘ ਜੇਠੂਕੇ, ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਹਰਪ੍ਰੀਤ ਕੌਰ ਜੇਠੂਕੇ ਅਤੇ ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ ਸਮੇਤ 15 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਨੌਜਵਾਨ ਆਗੂ ਸ਼ਾਮਲ ਸਨ।
ਇਹ ਵੀ ਪੜੋ:- ਡੇਰਾ ਮੁਖੀ ਦੀ ਪੈਰੋਲ ਨੇ ਪੰਜਾਬ ਦੇ ਸਿਆਸੀ ਸਮੀਕਰਨ ਬਦਲੇ !