ਬਰਨਾਲਾ: ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਬਰਨਾਲਾ ਜ਼ਿਲ੍ਹੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੇੜੇ ਇਕੱਠੇ ਹੋ ਕੇ ਤੀਸਤਾ ਸੀਲਤਵਾੜ ਦੀ ਰਿਹਾਈ ਅਤੇ ਹਿਮਾਂਸ਼ੂ ਨੂੰ ਕੀਤੇ ਜ਼ੁਰਮਾਨੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਸ਼ਹਿਰ ਵਿੱਚ ਕੀਤੇ ਜੋਸ਼ ਭਰਪੂਰ ਪ੍ਰਦਰਸ਼ਨ ਦੌਰਾਨ ਨਾਹਰਿਆਂ ਰਾਹੀਂ ਇਨਸਾਫ ਮੰਗਣ ਵਾਲਿਆਂ ਨੂੰ ਸਜ਼ਾਵਾਂ ਦੇਣ ਦੇ ਨਵੇਂ ਖਤਰਨਾਕ ਰੁਝਾਨ ਨੂੰ ਬੰਦ ਕਰਨ ਦੀ ਮੰਗ ਕੀਤੀ।
ਮੰਗ ਪੱਤਰ ਦੇਣ ਤੋਂ ਪਹਿਲਾਂ ਜ਼ਿਲ੍ਹਾ ਭਵਨ ਵਿਖੇ ਮੁਜ਼ਾਹਰਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਤੀਸਤਾ ਤੇ ਹਿਮਾਂਸ਼ੂ ਕੁਮਾਰ ਦਾ ਸਿਰਫ ਇਹੀ ਅਪਰਾਧ ਸੀ ਕਿ ਉਨ੍ਹਾਂ ਨੇ ਮਜਲੂਮਾਂ ਤੇ ਦੰਗਾ ਪੀੜਤਾਂ ਨੂੰ ਇਨਸਾਨ ਦੁਆਉਣਾ ਚਾਹਿਆ। ਹਿਮਾਂਸ਼ੂ ਕੁਮਾਰ ਸੈਂਕੜੇ ਆਦਿਵਾਸੀਆਂ ਨੂੰ ਅਦਾਲਤੀ ਸਹਾਇਤਾ ਪ੍ਰਦਾਨ ਕਰਵਾ ਚੁੱਕਿਆ ਹੈ। ਤੀਸਤਾ ਸੀਲਤਵਾੜ ਲਗਾਤਾਰ ਗੁਜਰਾਤ ਦੇ ਦੰਗਾ ਪੀੜਤਾਂ ਨੂੰ ਇਨਸਾਨ ਦੁਆਉਣ ਦਾ ਜ਼ਰੀਆ ਬਣਦੀ ਰਹੀ ਹੈ।
ਇਕੱਠ ਨੂੰ ਸਭਾ ਦੇ ਸਕੱਤਰ ਸੋਹਣ ਸਿੰਘ ਮਾਝੀ, ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ, ਬੀਕੇਯੂ ਉਗਰਾਹਾਂ ਦੇ ਭਗਤ ਸਿੰਘ, ਬੀਕੇਯੂ ਡਕੌਂਦਾ ਦੇ ਦਰਸ਼ਨ ਸਿੰਘ ਉਗੋਕੇ, ਬੀਕੇਯੂ ਕ੍ਰਾਂਤੀਕਾਰੀ ਦੇ ਲਖਮੀਰ ਸਿੰਘ ਦੁਲਮਸਰ ,ਡੀਐਮਐਫ ਆਗੂ ਜੁਗਰਾਜ ਟੱਲੇਵਾਲਤੇ ਮਜਦੂਰ ਆਗੂ ਗੁਰਪ੍ਰੀਤ ਰੂੜੇਕੇ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਹਾਲਾਂਕਿ ਅਦਾਲਤਾਂ ਪਹਿਲਾਂ ਵੀ ਆਮ ਲੋਕਾਂ ਨੂੰ ਇਨਸਾਫ ਦਿਵਾਉਣ ਵਿੱਚ ਅਸਫਲ ਰਹੀਆਂ ਹਨ ਪਰ ਇਹ ਇਨਸਾਨ ਮੰਗਣ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਇਹ ਪਿਰਤ ਨਿਵੇਕਲੀ ਹੀ ਨਹੀਂ, ਬਹੁਤ ਖਤਰਨਾਕ ਵੀ ਹੈ।
ਉਨ੍ਹਾਂ ਕਿਹਾ ਕਿ ਇਹ ਨਵਾਂ ਵਰਤਾਰਾ ਆਮ ਲੋਕਾਂ ਨੂੰ ਇਨਸਾਫ ਮੰਗਣ ਦੇ ਰਾਹ ਪੈਣ ਤੋਂ ਹੀ ਰੋਕਣ ਦੀ ਸਾਜਿਸ਼ ਹੈ। ਅਦਾਲਤਾਂ ਰਾਹੀਂ ਇਨਸਾਫ ਲੈਣ ਦਾ ਅਧਿਕਾਰ ਲੋਕਾਂ ਦੀ ਲੰਬੀ ਲੜਾਈ ਦਾ ਸਿੱਟਾ ਹੈ। ਹੁਣ ਇਸ ਅਧਿਕਾਰ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਸਰਕਾਰ ਆਦਿਵਾਸੀਆਂ ਦੇ ਜਲ ਜੰਗਲ ਤੇ ਜ਼ਮੀਨ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਆਦਿਵਾਸੀ ਇਸ ਜਬਰ ਵਿਰੁੱਧ ਸੰਘਰਸ਼ ਕਰ ਰਹੇ ਹਨ। ਹਿਮਾਂਸ਼ੂ ਕੁਮਾਰ ਦਾ ਕਸੂਰ ਇਹੀ ਹੈ ਕਿ ਉਹ ਆਦਿਵਾਸੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਾ ਸੀ। ਇਹੀ ਕਸੂਰ ਤੀਸਤਾ ਸੀਲਤਵਾੜ ਦਾ ਹੈ ਕਿ ਉਹ ਗੁਜਰਾਤ ਦੇ ਦੰਗਾ ਪੀੜਤਾਂ ਦੇ ਜਖਮਾਂ 'ਤੇ ਮਲ੍ਹਮ ਲਾਉਣਾ ਚਾਹੁੰਦੀ ਸੀ। ਆਗੂਆਂ ਨੇ ਇਸ ਖਤਰਨਾਕ ਰੁਝਾਨ ਨੂੰ ਠੱਲ ਪਾਉਣ ਲਈ ਵਿਸ਼ਾਲ ਏਕੇ ਦੀ ਲੋੜ 'ਤੇ ਜ਼ੋਰ ਦਿੱਤਾ।
ਮਹਿਲ ਕਲਾਂ ਐਕਸ਼ਨ ਕਮੇਟੀ ਮੈਂਬਰ ਨਰੈਣ ਦੱਤ ਨੇ ਸੂਚਨਾ ਦਿੱਤੀ ਕਿ 12 ਅਗਸਤ ਨੂੰ ਮਹਿਲ ਕਲਾ ਦੀ ਦਾਣਾ ਮੰਡੀ ਵਿੱਚ ਕਿਰਨਜੀਤ ਦਾ 25 ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਵਧ ਚੜ ਕੇ ਸ਼ਮੂਲੀਅਤ ਲਈ ਅਪੀਲ ਕੀਤੀ।
ਇਹ ਵੀ ਪੜ੍ਹੋ: ਵਧ ਰਹੇ ਗੈਂਗਸਟਰਵਾਦ ਨੂੰ ਲੈਕੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਦੀ ਮਾਨ ਸਰਕਾਰ ਨੂੰ ਨਸੀਹਤ !