ਅੰਮ੍ਰਿਤਸਰ: ਪਿੰਡ ਨੰਗਲੀ ਵਿਚ ਸ਼ੇਰ ਸਿੰਘ ਸ਼ੇਰਾ ਨਾਂਅ ਦੇ ਨੌਜਵਾਨ ਵੱਲੋਂ ਪੁਲਿਸ ਤੋਂ ਤੰਗ ਆ ਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਨੇ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਨੇ ਅੱਧੀ ਰਾਤ ਨੂੰ ਅੰਮ੍ਰਿਤਸਰ-ਫ਼ਤਿਹਗੜ੍ਹ ਚੂੜੀਆਂ ਰੋਡ ਤੇ ਜਾਮ ਲਗਾ ਕੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ।
ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ 2 ਮਹੀਨੇ ਪਹਿਲਾਂ ਉਨ੍ਹਾਂ ਦੇ ਹੀ ਮੁਹੱਲੇ ਦੀ ਇੱਕ ਕੁੜੀ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਸੀ ਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ੇਰੇ ਨੂੰ ਪਤਾ ਹੈ ਕਿ ਉਨ੍ਹਾਂ ਦੀ ਕੁੜੀ ਕਿੱਥੇ ਹੈ ਇਸੇ ਲਈ ਪੁਲਿਸ ਵਾਲੇ ਉਸ ਨੂੰ ਵਾਰ-ਵਾਰ ਪੁਲਿਸ ਚੌਕੀ ਬੁਲਾ ਕੇ ਮਾਮਲਾ ਦਰਜ ਕਰਨ ਦੀਆ ਧਮਕੀਆਂ ਦੇਣ ਲੱਗੇ ਜਿਸ ਤੋਂ ਤੰਗ ਆ ਕੇ ਸ਼ੇਰੇ ਨੇ ਫਾਹਾ ਲਾ ਕੇ ਜੀਵਨ ਲੀਲਾ ਖ਼ਤਮ ਕਰਨ ਦੀ ਕੋਸਿਸ਼ ਕੀਤੀ।
ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਕਿ ਕੁੜੀ ਵਾਲੇ ਕੌਣ ਹਨ ਤੇ ਨਾ ਹੀ ਉਹ ਉਨ੍ਹਾਂ ਨੂੰ ਜਾਣਦੇ ਹਨ ਪਰ ਪੁਲਿਸ ਜ਼ਬਰਦਸਤੀ ਸ਼ੇਰੇ ਤੇ ਪਰਚਾ ਦਰਜ ਕਾਰਨ ਤੇ ਲੱਗੀ ਹੋਈ ਹੈ ਜਿਸ ਤੋਂ ਦੁਖੀ ਹੋ ਕੇ ਸ਼ੇਰੇ ਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ।
ਥਾਣਾ ਸਦਰ ਦੇ ਮੁਖੀ ਪ੍ਰੇਮ ਪਾਲ ਸਿੰਘ ਵੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਂਤ ਕੀਤਾ। ਥਾਣਾ ਮੁਖੀ ਪ੍ਰੇਮਪਾਲ ਨੇ ਕਿਹਾ ਕਿ ਇਸ ਮਾਮਲੇ ਤੇ ਗੌਰ ਕਰਨ ਤੋਂ ਬਾਅਦ ਜੇ ਕੋਈ ਪੁਲਿਸ ਵਾਲਾ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।