ਅੰਮ੍ਰਿਤਸਰ: ਸ਼ਹਿਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਭਾਰਤ ਪੁੱਜੀ ਇੱਕ ਔਰਤ ਦੇ 200 ਗ੍ਰਾਮ ਸੋਨੇ ਸਮੇਤ ਫੜੇ ਜਾਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਇਹ ਸੋਨਾ ਆਪਣੇ ਗੁਪਤ ਅੰਗ ਵਿੱਚ ਛੁਪਾਇਆ ਹੋਇਆ ਸੀ। ਕਸਟਮ ਅਧਿਕਾਰੀਆਂ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਦੀ ਰਹਿਣ ਵਾਲੀ ਇਹ ਔਰਤ ਸੁਖਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਐਤਵਾਰ ਸਵੇਰੇ 6 ਵਜੇ ਦੀ ਫਲਾਈਟ ਰਾਹੀਂ ਦੁਬਈ ਤੋਂ ਇਥੇ ਭਾਰਤ ਪੁੱਜੀ ਸੀ। ਜਦੋਂ ਉਹ ਇਥੇ ਹਵਾਈ ਅੱਡੇ 'ਤੇ ਪੁੱਜੀ ਤਾਂ ਉਸ ਵੱਲੋਂ ਸੋਨਾ ਲੈ ਕੇ ਆਉਣ ਬਾਰੇ ਕਸਟਮ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਔਰਤ ਦਾ ਐਕਸਰੇ ਕਰਵਾਇਆ, ਜਿਸ ਵਿੱਚ ਔਰਤ ਦੇ ਗੁਪਤ ਅੰਗ ਵਿੱਚ ਸੋਨਾ ਛੁਪਾਏ ਜਾਣ ਬਾਰੇ ਵੇਖਿਆ ਗਿਆ।
ਕਸਟਮ ਅਧਿਕਾਰੀਆਂ ਨੇ ਔਰਤ ਨੂੰ ਤੁਰੰਤ ਮੌਕੇ 'ਤੇ ਹਿਰਾਸਤ ਵਿੱਚ ਲੈ ਲਿਆ ਅਤੇ ਸੋਨਾ ਬਰਾਮਦ ਕਰ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਔਰਤ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।