ਅੰਮ੍ਰਿਤਸਰ: ਬੀਤੇ ਦਿਨੀ ਕਾਂਗਰਸ ਵਿਧਾਇਕ ਜਸਬੀਰ ਸਿੰਘ ਡਿੰਪਾ ਵੱਲੋਂ ਇੱਕ ਮਹਿਲਾ ਪੱਤਰਕਾਰ ਨਾਲ ਕੁੱਟਮਾਰ ਅਤੇ ਬਦਤਮੀਜ਼ੀ ਦੀ ਘਟਨਾ ਨੂੰ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਸਤਨਾਮ ਸਿੰਘ ਕਾਹਲੋਂ ਨੇ ਨਿੰਦਣਯੋਗ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਸਬੀਰ ਸਿੰਘ ਡਿੰਪਾ ਵੱਲੋਂ ਪੱਤਰਕਾਰ ਬੀਬੀ ਨੂੰ ਕੁੱਟਣਾ, ਉਸ ਦਾ ਕੈਮਰਾ ਖੋਹਣਾ ਅਤੇ ਬਦਤਮੀਜ਼ੀ ਕਰਨੀ ਅਤਿ ਨਿੰਦਣਯੋਗ ਘਟਨਾ ਹੈ ਕਿਉੰਕਿ ਪੱਤਰਕਾਰਤਾ ਦਾ ਕੰਮ ਸਵਾਲ ਪੁੱਛਣਾ ਹੈ ਅਤੇ ਜੇਕਰ ਸਵਾਲ ਦਾ ਜਵਾਬ ਨਹੀਂ ਆਉਂਦਾ ਤਾਂ ਚੁੱਪ ਕਰ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੁੱਝ ਮੀਡੀਆ ਅਦਾਰੇ ਭਾਵੇਂ ਸਰਕਾਰ ਦੀ ਬੋਲੀ ਬੋਲਦੇ ਹਨ ਪਰ ਅਜੇ ਕਈ ਪੱਤਰਕਾਰ ਹਨ, ਜੋ ਸਰਕਾਰੀ ਸਿਸਟਮ ਨੂੰ ਸਵਾਲ ਕਰਦੇ ਹਨ, ਜਿਸ ਕਾਰਨ ਸੱਚੇ ਸਵਾਲਾਂ ਤੋਂ ਅਜਿਹੇ ਲੀਡਰ ਬੁਖ਼ਲਾ ਜਾਂਦੇ ਹਨ ਤੇ ਅਜਿਹੀਆਂ ਕਰਤੂਤਾਂ 'ਤੇ ਉਤਰ ਆਉਂਦੇ ਹਨ।
ਦਿੱਲੀ ਜੰਤਰ ਮੰਤਰ ਵਿਖੇ ਕਿਸਾਨੀ ਸੰਘਰਸ਼ ਦਾ ਸਾਥ ਦੇਣ ਦੇ ਨਾਮ 'ਤੇ ਬੈਠੇ 5-7 ਕਾਂਗਰਸੀ ਲੀਡਰਾਂ ਬਾਰੇ ਭਾਈ ਕਾਹਲੋਂ ਨੇ ਕਿਹਾ ਕਿ ਇਹ ਕਾਂਗਰਸੀ ਲੀਡਰ ਸਿਰਫ਼ ਆਪਣੇ ਸਿਆਸੀ ਹਿੱਤਾਂ ਤਹਿਤ ਦਿੱਲੀ ਦੇ ਜੰਤਰ ਮੰਤਰ ਵਿਖੇ ਬੈਠੇ ਹਨ। ਜਦੋਂਕਿ ਉਨ੍ਹਾਂ ਨੂੰ ਓਥੇ ਬੈਠਣਾ ਚਾਹੀਦਾ ਸੀ ਜਿਥੇ ਲੱਖਾਂ ਕਿਸਾਨ ਬੈਠੇ ਹਨ ਅਤੇ ਉਸ ਸੰਘਰਸ਼ ਵਿੱਚ ਸ਼ਾਮਲ ਹੁੰਦੇ। ਪਰ ਇਹ ਆਗੂ ਕੇਂਦਰ ਸਰਕਾਰ ਨਾਲ ਗਿੱਟਮਿੱਟ ਕਰਕੇ ਇੱਕ ਯੋਜਨਾ ਅਧੀਨ ਬੈਠੇ ਹਨ ਅਤੇ ਸੰਘਰਸ਼ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਹੀ ਕਿਸਾਨਾਂ ਨਾਲ ਦਰਦ ਹੈ ਤਾਂ ਕਿਸਾਨ ਦੇ ਪੁੱਤ ਬਣ ਕੇ ਦਿੱਲੀ ਵਿਖੇ ਕਿਸਾਨਾਂ ਦੇ ਮੋਰਚੇ ਵਿੱਚ ਆਉਣਾ ਚਾਹੀਦਾ ਹੈ ਨਾ ਕਿ ਆਪਣੀ ਵੱਖਰੀ ਡਫਲੀ ਵਜਾਉਣੀ ਚਾਹੀਦੀ ਹੈ।
ਭਾਜਪਾ ਆਗੂਆਂ ਵੱਲੋਂ 2022 ਵਿੱਚ ਪੰਜਾਬ ਵਿੱਚ ਨਿਰੋਲ ਭਾਜਪਾ ਸਰਕਾਰ ਬਣਾਉਣ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਭਾਜਪਾ ਆਗੂ ਬੇਤੁਕੀਆਂ ਗੱਲਾਂ ਕਰ ਰਹੇ ਹਨ ਜਦ ਕਿ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਵੀਂ ਰੂਹ ਵਾਲੇ ਲੋਕ ਪੰਜਾਬ ਦੀ ਰਖਵਾਲੀ ਲਈ ਅੱਗੇ ਆਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਵਰਗੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਲੋਕ ਉਨ੍ਹਾਂ ਦੀਆਂ ਚਾਲਾਂ ਨੂੰ ਭਲੀ ਭਾਂਤ ਸਮਝਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹੱਥ ਜੋੜ ਕੇ ਕਿਸਾਨਾਂ ਕੋਲ ਆਉਣਾ ਚਾਹੀਦਾ ਹੈ ਅਤੇ ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਪੰਜਾਬ ਵਿੱਚ ਚੋਣਾਂ ਜਿੱਤਣ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ।
26 ਦਸੰਬਰ ਨੂੰ ਕਿਸਾਨੀ ਸੰਘਰਸ਼ ਦੇ ਇੱਕ ਮਹੀਨਾ ਪੂਰਾ ਹੋਣ ਦੇ ਸਬੰਧ ਵਿੱਚ ਭਾਈ ਕਾਹਲੋਂ ਨੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਆਸ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਲਾਹਕਾਰ ਬਦਲਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਗਲਤ ਸਲਾਹਾਂ ਦੇ ਰਹੇ ਹਨ ਕਿ ਕਾਨੂੰਨ ਸਹੀ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਾਇਜ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਉਸ ਕੌਮ ਦੇ ਵਾਰਸ ਹਾਂ, ਜਿਨ੍ਹਾਂ ਦਿੱਲੀ ਦਾ ਤਖ਼ਤ ਹਮੇਸ਼ਾਂ ਝੁਕਾਇਆ ਹੈ ਅਤੇ ਇਸ ਵਾਰ ਵੀ ਝੁਕਾ ਕੇ ਛੱਡਾਂਗੇ।