ਅੰਮ੍ਰਿਤਸਰ: ਇੱਕ ਪਾਸੇ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਤਿੰਨ ਦਿਨ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇਵੀਦਾਸਪੁਰਾ ਵਿਖੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਯਾਤਰੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਿਹੜੇ ਹੋਰ ਸੂਬਿਆਂ ਤੋਂ ਅੰਮ੍ਰਿਤਸਰ ਵਿੱਚ ਘੁੰਮਣ ਆਏ ਹਨ, ਉਹ ਵਾਪਸ ਘਰ ਪਰਤਣ ਤੋਂ ਬੈਠੇ ਹੋਏ ਹਨ।
ਯਾਤਰੀਆਂ ਨੂੰ ਆ ਰਹੀ ਮੁਸ਼ਕਲ: ਇਸ ਦੌਰਾਨ ਯਾਤਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਜੇਕਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਸੀ, ਤਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਰੇਲਵੇ ਵੈਬਸਾਈਟ ਦੇ ਉੱਪਰ ਜਾਣਕਾਰੀ ਦਿੱਤੀ ਜਾਂਦੀ, ਤਾਂ ਜੋ ਕਿ ਉਹ ਟਿਕਟ ਬੁੱਕ (Travellers Worried Due To Farmers) ਨਾ ਕਰਵਾਉਂਦੇ। ਉਨ੍ਹਾਂ ਕਿਹਾ ਕਿ ਹੁਣ ਉਨਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਜੇਕਰ ਉਹ ਬੱਸ ਤੋਂ ਜਾਣਗੇ, ਤਾਂ ਉਨ੍ਹਾਂ ਦਾ ਕਾਫੀ ਕਿਰਾਇਆ ਲੱਗ ਜਾਵੇਗਾ ਅਤੇ ਖੱਜਲ ਵੀ ਕਾਫੀ ਹੋਣਾ ਪਵੇਗਾ। ਉਨਾਂ ਕਿਹਾ ਕਿ ਹਜੇ ਵੀ ਰੇਲਵੇ ਵਿਭਾਗ ਪੂਰੀ ਤਰੀਕੇ ਨਾਲ ਉਨ੍ਹਾਂ ਨੂੰ ਜਾਣਕਾਰੀ ਨਹੀਂ ਦੇ ਪਾ ਰਿਹਾ ਕਿ ਕੁਝ ਸਮੇਂ ਬਾਅਦ ਟ੍ਰੇਨ ਆਵੇਗੀ ਜਾਂ ਨਹੀਂ ਆਵੇਗੀ ਜਿਸ ਕਰਕੇ ਉਨ੍ਹਾਂ ਨੂੰ ਜਿਆਦਾ ਪਰੇਸ਼ਾਨੀ ਆ ਰਹੀ।
ਕਿਸਾਨਾਂ ਵਲੋਂ ਧਰਨਾ ਜਾਰੀ: ਦੱਸਣਯੋਗ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਨਾਲ ਪੂਰੇ ਦੇਸ਼ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਇੱਕ ਵਾਰ ਫਿਰ ਤੋਂ ਮੱਥਾ ਭਿੜਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹੁਣ ਤਿੰਨ ਦਿਨ ਲੋਕਾਂ ਨੂੰ ਰੇਲ ਦਾ ਸਫਰ ਨਾ ਕਰਨ ਲਈ ਵੀ ਕਿਸਾਨ ਅੰਦੋਲਨ ਵਿੱਚ ਪਹੁੰਚੇ ਕਿਸਾਨਾਂ ਵੱਲੋਂ ਅਪੀਲ (Rail Roko Protest) ਵੀ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਤਿੰਨ ਦਿਨ ਵਿੱਚ ਕੀ ਕਿਸਾਨਾਂ ਦੇ ਮੰਗਾਂ ਨੂੰ ਪੂਰਾ ਕੀਤਾ ਜਾਂਦਾ ਹੈ ਜਾਂ ਫਿਰ ਇੱਕ ਵਾਰ ਫਿਰ ਤੋਂ ਆਮ ਲੋਕ ਕਿਸਾਨਾਂ ਦੇ ਧਰਨੇ ਦੌਰਾਨ ਆਮ ਲੋਕਾਂ ਨੂੰ ਕਿੰਨੀਆਂ ਮੁਸ਼ਕਿਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਹਨ ਕਿਸਾਨਾਂ ਦੀਆਂ ਮੰਗਾਂ: ਕਿਸਾਨਾਂ ਦੇ ਰੇਲ ਰੋਕੋ ਅੰਦੋਲਨ 'ਚ 50 ਹਜ਼ਾਰ ਕਰੋੜ ਦੇ ਰਾਹਤ ਪੈਕਜ ਦੇ ਨਾਲ-ਨਾਲ ਦਿੱਲੀ ਮੋਰਚੇ ਦੌਰਾਨ ਮੰਨੀ ਗਈ ਐੱਮ.ਐੱਸ.ਪੀ ਗਾਰੰਟੀ ਕਨੂੰਨ ਬਣਾਉਣ ਦੀ ਅਧੂਰੀ ਮੰਗ ਪੂਰੀ ਕਰਨ ਤੋਂ ਇਲਾਵਾ ਇਹ ਮੁੱਖ ਮੰਗਾਂ ਹਨ -
- ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਤੈਅ ਕਰਨ।
- ਕਿਸਾਨਾਂ ਮਜਦੂਰਾਂ ਦੀ ਪੂਰਨ ਕਰਜ਼ ਮੁਕਤੀ।
- ਮਨਰੇਗਾ ਤਹਿਤ ਸਾਲ ਦੇ 200 ਦਿਨ ਰੁਜ਼ਗਾਰ।
- ਪੰਜਾਬ ਸਮੇਤ ਉਤਰੀ ਭਾਰਤ 'ਚ ਸਮੈਕ ਹੈਰੋਇਨ ਵਰਗੇ ਮਾਰੂ ਨਸ਼ਿਆਂ 'ਤੇ ਕੰਟਰੋਲ।
- ਦਿੱਲੀ ਅੰਦੋਲਨ ਦੌਰਾਨ ਬਣੇ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ 'ਤੇ ਕਾਰਵਾਈ।
- ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਸੜਕ ਮਾਰਗਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਰੇਟ 6 ਗੁਣਾਂ ਵਾਧਾ ਕਰਕੇ ਦੇਣ ਦੀ ਮੰਗ।
ਭਾਰਤ ਭਰ ਦੇ ਅਬਾਦਕਾਰ ਕਿਸਾਨਾਂ ਮਜਦੂਰਾਂ ਨੂੰ ਆਬਾਦ ਕੀਤੀਆਂ ਜਮੀਨਾਂ ਦੇ ਪੱਕੇ ਮਾਲਕੀ ਹੱਕ ਦੇਣ ਦੀਆਂ ਮੰਗਾਂ ਨੂੰ ਲੈ ਕੇ ਭਾਰਤ ਪੱਧਰੀ ਰੇਲ ਰੋਕੋ ਮੋਰਚੇ ਦੀ ਪੰਜਾਬ ਤੋਂ ਸ਼ੁਰੂਆਤ ਕੀਤੀ ਗਈ।