ਅੰਮ੍ਰਿਤਸਰ : ਅੰਮ੍ਰਿਤਸਰ ਦੇ ਤਰਨਤਾਰਨ ਦੇ ਪਿੰਡ ਵੇਈਪੁਈ ਦੇ ਲਾਗੇ ਸਵੇਰੇ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਤਿੰਨ ਨੌਜਵਨਾਂ ਦੀ ਮੌਕੇ ਉੱਤੇ ਹੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇਹ ਤਿੰਨ ਨੌਜਵਾਨ ਆਪਣੇ ਹੋਰ ਦੋਸਤਾਂ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ ਸਨ। ਇਹ ਘਰੋਂ ਪੰਜ ਵਜੇ ਗੁਰੂ ਘਰ ਮੱਥਾ ਟੇਕਣ ਲਈ ਨਿਕਲੇ ਸਨ ਅਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਜਦੋਂ ਇਹ ਨੌਜਵਾਨ ਆਪਣੇ ਘਰ ਪਿੰਡ ਫਤਿਹਾਬਾਦ ਨੂੰ ਮੁੜ ਰਹੇ ਸਨ ਤਾਂ ਪਿੰਡ ਵੇਈਪੁਈ ਦੇ ਲਾਗੇ ਇੱਕ ਟਿੱਪਰ ਟਰੱਕ ਦੇ ਨਾਲ ਇਨ੍ਹਾਂ ਨੌਜਵਾਨਾਂ ਦੇ ਮੋਟਰਸਾਇਕਲਾਂ ਦੀ ਜ਼ਬਰਦਸਤ ਟੱਕਰ ਹੋ ਗਈ।
ਟਰੱਕ ਚਾਲਕ ਮੌਕੇ ਤੋਂ ਫਰਾਰ : ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਟਿੱਪਰ ਟਰੱਕ ਦਾ ਡਰਾਈਵਰ ਆਪਣੇ ਟਿੱਪਰ ਟਰੱਕ ਨੂੰ ਲੈਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਜਦੋਂ ਇਸ ਹਾਦਸੇ ਦਾ ਪਤਾ ਲੱਗਾ ਤਾਂ ਉਹ ਵੀ ਮੌਕੇ ਉੱਤੇ ਹੀ ਪਹੁੰਚ ਗਏ। ਇਨ੍ਹਾਂ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਹਾਦਸੇ ਦੇ ਸ਼ਿਕਾਰ ਨੌਜਵਾਨਾਂ ਵਿੱਚੋਂ ਇਕ ਲੜਕਾ ਉਸ ਸਮੇਂ ਜ਼ਿੰਦਾ ਸੀ। ਜਦੋਂ ਮੌਕੇ ਉੱਤੇ ਪਹੁੰਚੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਵੀ ਗਿਆ ਕਿ ਸਾਡੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਜਾਵੇ ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਐਂਬੂਲੈਂਸ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਦੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਸਾਡੀ ਕੋਈ ਵੀ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ : PRTC Driver: ਕੱਚੇ ਕਾਮੇ ਵਜੋਂ ਕੰਮ ਕਰਦੇ ਪੀਆਰਟੀਸੀ ਡਰਾਇਵਰ ਦੀ ਪੱਕੀ ਡਰਾਇਵਰੀ ਦੇ ਚਰਚੇ, ਕੇਂਦਰ ਸਰਕਾਰ ਨੇ ਵੀ ਕੀਤਾ ਸਨਮਾਨਿਤ
ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚਿਆਂ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਸ਼ਾਇਦ ਸਾਡਾ ਬੱਚਾ ਬਚ ਜਾਂਦਾ।ਅਸੀਂ ਪੰਜਾਬ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜਮਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਨਾਂ ਮ੍ਰਿਤਕ ਨੌਜਵਾਨਾਂ ਦੀ ਉਮਰ 17 ਤੋਂ 20 ਦੇ ਵਿੱਚ ਹੈ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੇ ਨਾਂ ਮਨੀ ਸਿੰਘ ਪੁੱਤਰ ਜਸਬੀਰ ਸਿੰਘ ਅਤੇ ਅਮ੍ਰਿਤਪਾਲ ਸਿੰਘ ਪੁੱਤਰ ਤਰਸੇਮ ਲਾਲ ਅਤੇ ਅਰਸ਼ਦੀਪ ਸਿੰਘ ਪੁੱਤਰ ਸੋਨੂੰ ਠੇਕੇਦਾਰ ਵਾਸੀ ਪਿੰਡ ਫਤਿਆਬਾਦ ਹੈ।