ਅੰਮ੍ਰਿਤਸਰ: 15 ਅਗੱਸਤ ਨੂੰ ਆਜ਼ਾਦੀ ਦਿਹਾੜੇ ਦੀ 74ਵੀਂ ਵਰ੍ਹੇਗੰਢ 'ਤੇ 74 ਕਿਲੋਮੀਟਰ ਦੀ ਦੌੜ ਲਾਉਣ ਵਾਲੇ ਦੋ ਨੌਜਵਾਨਾਂ ਨੂੰ ਐਤਵਾਰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਨੌਜਵਾਨਾਂ ਮਨਿੰਦਰ ਸਿੰਘ ਅਤੇ ਜੈ ਭਗਵਾਨ, ਜਿਸਦੀ ਉਮਰ 60 ਸਾਲ ਹੈ, ਨੇ ਇਹ ਦੌੜ ਪੌਣੇ 8 ਘੰਟਿਆਂ ਵਿੱਚ ਪੂਰੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ।
ਸਮਾਜ ਸੇਵੀ ਏਕ ਪ੍ਰਯਾਸ ਸੇਵਾ ਸੁਸਾਇਟੀ ਵੱਲੋਂ ਸਨਮਾਨਤ ਕੀਤੇ ਜਾਣ ਮੌਕੇ ਮਨਿੰਦਰ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜਕਲ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਜੈ ਭਗਵਾਨ ਨੇ ਕਿਹਾ ਕਿ ਦੌੜ ਨਾਲ ਮੇਰੀ ਜਿੰਦਗੀ ਬਦਲ ਗਈ ਹੈ। ਪਹਿਲਾਂ ਰੋਜ਼ਾਨਾ ਕਰਕੇ ਘਰ ਆ ਜਾਂਦਾ ਸੀ ਤੇ ਉਸਦੀ ਪਿੱਠ ਵਿੱਚ ਦਰਦ ਰਹਿੰਦਾ ਸੀ। ਡਾਕਟਰ ਨੇ ਉਸ ਨੂੰ ਇਲਾਜ ਬਾਰੇ ਦੱਸਿਆ ਪਰ ਇਲਾਜ ਮਹਿੰਗਾ ਸੀ। ਇਸ ਪਿੱਛੋਂ ਉਸ ਨੇ ਫੇਸਬੁੱਕ 'ਤੇ ਮੈਰਾਥਨ ਬਾਰੇ ਵੇਖਿਆ ਤੇ ਅਪਲਾਈ ਕਰ ਦਿੱਤਾ। ਮੈਰਾਥਨ ਤੋਂ ਬਾਅਦ ਉਸ ਨੂੰ ਆਪਣੀ ਪਿੱਠ ਠੀਕ ਹੋਈ ਜਾਪੀ। ਇਸ ਪਿੱਛੋਂ ਉਸ ਨੇ ਇਹ ਦੌੜ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਜੇਕਰ ਸਰੀਰ ਤੰਦਰੁਸਤ ਹੈ ਤਾਂ ਤੁਸੀ ਤੰਦਰੁਸਤ ਹੋ ਤੇ ਭਾਰਤ ਤੰਦਰੁਸਤ ਹੈ।
ਦੋਹਾਂ ਨੌਜਵਾਨਾਂ ਨੇ ਸਨਮਾਨੇ ਜਾਣ 'ਤੇ ਐਕਸ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗਰਿਸ਼ ਸ਼ਰਮਾ ਨੇ ਕਿਹਾ ਕਿ ਸਨਮਾਨਤ ਕੀਤੇ ਗਏ ਨੌਜਵਾਨਾਂ ਨੇ 7.43 ਘੰਟਿਆਂ ਵਿੱਚ 74 ਕਿਲੋਮੀਟਰ ਦੀ ਦੌੜ ਲਗਾ ਕੇ ਰਿਕਾਰਡ ਬਣਾਇਆ ਹੈ ਅਤੇ ਅੰਮ੍ਰਿਤਸਰ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਲਈ ਇਹ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਸਨਮਾਨ ਦਿਵਾਉਣ ਲਈ ਹਲਕਾ ਵਿਧਾਇਕ ਨਾਲ ਵੀ ਗੱਲ ਕੀਤੀ ਜਾਵੇਗੀ।