ਅੰਮ੍ਰਿਤਸਰ: ਅੱਜ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ਦਿਹਾੜੇ ਨਾਲ ਭਗਤ ਸੈਣ ਦਾ ਜਨਮ ਦਿਹਾੜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਭਗਤ ਸੈਣ ਜੀ ਦੇ 19ਵੀਂ ਪੀੜ੍ਹੀ ਦੇ ਵਾਰਸ ਭਾਈ ਅਮਰੀਕ ਸਿੰਘ ਨੇ ਈ ਟੀਵੀ ਭਾਰਤ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਭਗਤ ਸੈਣ ਜੀ ਦਾ ਜਨਮ ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਹੋਇਆ।
ਉਨ੍ਹਾਂ ਦੱਸਿਆ ਕਿ ਭਗਤ ਸੈਣ ਜੀ ਗੁਰੂ ਨਾਨਕ ਦੇਵ ਜੀ ਤੋਂ 69 ਸਾਲ ਵੱਡੇ ਸਨ ਤੇ ਉਨ੍ਹਾਂ ਦਾ ਜਨਮ 1400 ਈਸਵੀ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਭਗਤ ਸੈਣ ਜੀ ਨਾਲ ਜਦੋਂ ਹੋਰ ਭਗਤ ਸਾਹਿਬਾਨਾਂ ਦੀ ਵਾਰਤਾ ਹੋਈ ਤਾਂ ਉਨ੍ਹਾਂ ਭਗਤ ਸੈਣ ਜੀ ਨੂੰ ਪੁੱਛਿਆ ਕਿ ਹੁਣ ਦਰਸ਼ਨ ਕਿਸ ਰੂਪ ਵਿੱਚ ਦਿਓਗੇ ਤਾਂ ਭਗਤ ਸੈਣ ਜੀ ਨੇ ਜਵਾਬ ’ਚ ਕਿਹਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 10ਵੇਂ ਵਾਰਸ ਮੌਕੇ ਆਉਣਗੇ, ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਤਾਂ ਪੰਜ ਪਿਆਰਿਆਂ ਵਿੱਚੋਂ ਭਾਈ ਸਾਹਿਬ ਸਿੰਘ ਦੇ ਰੂਪ ਵਿੱਚ ਭਗਤ ਸੈਣ ਜੀ ਦੁਆਰਾ ਫਿਰ ਪ੍ਰਗਟ ਹੋਏ।
ਗੌਰਤਲੱਬ ਹੈ ਕਿ ਭਗਤ ਸੈਣ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।
ਉਨ੍ਹਾਂ ਦੱਸਿਆ ਕਿ ਭਗਤ ਸੈਣ ਜੀ ਦੇ ਜੀਵਨ ਤੋਂ ਸਾਨੂੰ ਕਿਰਤ ਕਰੋ, ਨਾਮ ਜਪੋ ਦੇ ਸਿਧਾਂਤ ਨੂੰ ਮੰਨ ਕੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੀਦਾ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਜਿਥੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਸੋਹਲ ਵਿਖੇ ਬੜੇ ਸੁਚੱਜੇ ਢੰਗ ਨਾਲ ਮਨਾਇਆ ਗਿਆ।