ਅੰਮ੍ਰਿਤਸਰ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ। ਦੱਸ ਦਈਏ ਗੁਰੂਦੁਆਰਾ ਰਾਮਸਰ ਸਾਹਿਬ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਅਰਜੁਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਅਤੇ ਪਹਿਲਾ ਸਰੂਪ ਸੰਪੂਰਨ ਹੋਣ ਉਪਰੰਤ ਇਸੇ ਅਸਥਾਨ ਤੋਂ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ।
ਠੰਡੇ-ਮਿੱਠੇ ਜਲ ਦੀਆਂ ਛਬੀਲਾਂ: ਵੱਧ ਰਹੀ ਗਰਮੀ ਨੂੰ ਲੈ ਕੇ ਸ਼ਰਧਾਲੂਆਂ ਦੀ ਆਮਦ ਨੂੰ ਵੇਖਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਸ਼ਹੀਦੀ ਦਿਹਾੜੇ ਉੱਤੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪੁੱਜੀਆਂ। ਸੰਗਤਾਂ ਜਿੱਥੇ ਵਾਹਿਗੁਰੂ ਦਾ ਅਸ਼ੀਰਵਾਦ ਲੈ ਰਹੀਆਂ ਨੇ ਉੱਥੇ ਹੀ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ। ਇਸ ਤੋਂ ਇਲਾਵਾ ਮੱਥਾ ਟੇਕਣ ਪਹੁੰਚੀਆਂ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ।
ਆਦਿ ਗ੍ਰੰਥ ਦਾ ਸੰਕਲਨ, ਗੁਰੂ ਨਗਰੀ ਵਸਾਈ: ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ "ਆਦਿ ਗ੍ਰੰਥ" ਦਾ ਸੰਕਲਨ ਸੀ। ਉਨ੍ਹਾਂ ਨੇ ਪਹਿਲੇ ਚਾਰ ਗੁਰੂਆਂ ਦੀਆਂ ਸਾਰੀਆਂ ਰਚਨਾਵਾਂ ਨੂੰ ਇਕੱਠਾ ਕੀਤਾ ਅਤੇ 1604 ਈ. ਵਿੱਚ ਬਾਣੀ ਦੇ ਰੂਪ ਵਿੱਚ ਲਿਖਿਆ। ਉਨ੍ਹਾਂ ਨੇ ਆਪਣੇ ਸੰਕਲਨ ਵਿੱਚ ਹਿੰਦੂ ਅਤੇ ਮੁਸਲਮਾਨ ਸੰਤਾਂ ਦੀਆਂ ਸਿੱਖਿਆਵਾਂ ਨੂੰ ਵੀ ਜੋੜਿਆ। ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ। ਇਸ ਦੇ ਨਾਲ ਹੀ, ਤਰਨ ਤਾਰਨ ਅਤੇ ਕਰਤਾਰਪੁਰ ਵਰਗੇ ਹੋਰ ਸ਼ਹਿਰ ਵੀ ਵਸਾਏ। ਆਪਣੇ ਸ਼ਹੀਦੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਗੁਰੂ ਹਰ ਗੋਬਿੰਦ ਨੂੰ ਅਗਲਾ ਗੁਰੂ ਥਾਪਿਆ ਸੀ।
ਮਹਾਨ ਸ਼ਹਾਦਤ: ਸ੍ਰੀ ਗੁਰੂ ਅਰਜਨ ਸਿੰਘ ਜੀ ਦੇ ਪ੍ਰਚਾਰ ਸਦਕਾ ਸਿੱਖ ਧਰਮ ਤੇਜ਼ੀ ਨਾਲ ਫੈਲਣ ਲੱਗਾ। ਜਦੋਂ ਜਹਾਂਗੀਰ ਬਾਦਸ਼ਾਹ ਬਣਿਆ, ਤਾਂ ਪ੍ਰਿਥੀ ਚੰਦ ਨੇ ਉਨ੍ਹਾਂ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ। ਜਹਾਂਗੀਰ ਨੂੰ ਗੁਰੂ ਜੀ ਦੀ ਵੱਧਦੀ ਪ੍ਰਸਿੱਧੀ ਪਸੰਦ ਨਹੀਂ ਸੀ। ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਗੁਰੂ ਅਰਜਨ ਦੇਵ ਜੀ ਨੇ ਉਸ ਦੇ ਭਰਾ ਖੁਸਰੋ ਦੀ ਮਦਦ ਕਿਉਂ ਕੀਤੀ। ਜਹਾਂਗੀਰ ਨੇ ਖੁਦ ਆਪਣੀ ਜੀਵਨੀ ‘ਤੁਜ਼ਕੇ ਜਹਾਂਗੀਰੀ’ ਵਿੱਚ ਲਿਖਿਆ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਦੀ ਵਧਦੀ ਪ੍ਰਸਿੱਧੀ ਤੋਂ ਦੁਖੀ ਸੀ, ਇਸ ਲਈ ਉਸ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ।