ਅੰਮ੍ਰਿਤਸਰ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਕੱਢਿਆ ਗਿਆ। ਇਸ ਨਗਰ ਕੀਰਤਨ ’ਚ ਸ਼ਿਰਕਤ ਲਈ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ।
ਇਸੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਰੋਨਾ ਬਾਰੇ ਬੋਲਦੇ ਹੋਏ ਕਿਹਾ ਕਿ ਕੋਰੋਨਾ ਸਰਕਾਰ ਦਾ ਆਗਿਆਕਾਰੀ ਪੁੱਤਰ ਹੈ ਜਿਹੜੇ ਸੂਬੇ 'ਚ ਸਰਕਾਰ ਚਾਹੁੰਦੀ ਹੈ ਕੋਰੋਨਾ ਉੱਥੇ ਹੀ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਆਸਥਾ ਅਤੇ ਸ਼ਰਧਾ ਨੂੰ ਕਿਸੇ ਵੀ ਰੋਗ ਦਾ ਕੋਈ ਡਰ ਨਹੀਂ।
ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਪਬਲਿਕ ਆਪਣਾ ਕੰਮ ਕਰ ਰਹੀ ਹੈ। ਜਿੱਥੇ ਇੱਕ ਪਾਸੇ ਕੋਰੋਨਾ ਕਾਲ ਦੌਰਾਨ ਸਰਕਾਰ ਨੇ 31 ਮਾਰਚ ਤੱਕ ਸਾਰੇ ਸਮਾਗਮਾਂ 'ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ, ਉੱਥੇ ਹੀ ਐੱਸਜੀਪੀਸੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੀ ਵੱਡੇ ਵੱਡੇ ਸਮਾਗਮ ਕੀਤੇ ਜਾ ਰਹੇ ਹਨ। ਇਸ ਮੌਕੇ ਲੋਕਾਂ ਦੀਆਂ ਨਜ਼ਰਾਂ ਆਨੰਦਪੁਰ ਸਾਹਿਬ ਦੇ ਹੋਲੇ ਮੋਹਲੇ ਦੇ ਮੇਲੇ ’ਤੇ ਵੀ ਬਣੀਆਂ ਹੋਈਆ ਹਨ।