ਅੰਮ੍ਰਿਤਸਰ: ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ 'ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਿਲ ਘੜੀ 'ਚ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਹਮੇਸ਼ਾ ਮਦਦ ਕਰਦੇ ਹਨ।
ਉਨ੍ਹਾਂ ਦੇ ਯਤਨਾਂ ਸਦਕਾ ਹੁਣ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਅਨੋਖਰਵਾਲ ਦੇ 45 ਸਾਲਾ ਹਰਬੰਸ ਲਾਲ ਪੁੱਤਰ ਬਿਸ਼ਨ ਰਾਮ ਦਾ ਮ੍ਰਿਤਕ ਸਰੀਰ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ,ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਹਰਬੰਸ ਲਾਲ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਕੁਝ ਮਹੀਨੇ ਪਹਿਲਾਂ ਹੀ ਵਿਜ਼ਟਰ ਵੀਜ਼ਾ ਲੈ ਕੇ ਦੁਬਈ ਆਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ 11 ਜੂਨ ਨੂੰ ਹਰਬੰਸ ਲਾਲ ਦਾ ਅਚਾਨਕ ਉਸ ਦੇ ਕਮਰੇ ਵਿਚਲੇ ਬਾਥਰੂਮ ਅੰਦਰ ਪੈਰ ਫਿਸਲ ਗਿਆ ਸੀ,ਜਿਸ ਉਪਰੰਤ ਉਸ ਦੇ ਸਾਥੀ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਪਸਤਾਲ ਲੈ ਕੇ ਗਏ ਸਨ ਪਰ ਉੱਥੇ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਨ੍ਹਾਂ ਦੇ ਯਤਨਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 241 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ: 86 ਸਾਲ ਦੀ ਉਮਰ ‘ਚ ਜਵਾਨੀ ਵਾਲਾ ਜੋਸ਼, ਰੋਜ਼ਾਨਾ 5 ਕਿਲੋਮੀਟਰ ਦੌੜਦੇ ਹਨ ਮੰਗਲੂ ਰਾਮ