ਅੰਮ੍ਰਿਤਸਰ: ਸੁਲਤਾਨਵਿੰਡ ਨਹਿਰਾਂ ਤੋਂ ਖੋਹਿਆ ਟਰਾਲਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਘਰਿਆਲੀ ਤੋਂ ਬਰਾਮਦ ਕੀਤਾ ਗਿਆ ਹੈ। ਬੀਤੇ ਦਿਨੀਂ ਅੰਮ੍ਰਿਤਸਰ ਨਹਿਰਾਂ ਤੋਂ ਇਕ ਟਰਾਲੇ ਦੀ ਲੁੱਟ ਹੋਈ ਸੀ।ਜਿਸ ਨੂੰ ਵਿਅਕਤੀ ਪਿੰਡ ਘਰਿਆਲੀ ਵਿਖੇ ਲੈ ਆਇਆ ਸੀ ਅਤੇ ਟਰਾਲੇ ਵਿੱਚ ਜੀਪੀਆਰਐਸ ਸਿਸਟਮ ਹੋਣ ਕਾਰਨ ਪੁਲਿਸ ਨੂੰ ਟਰਾਲੇ ਤੱਕ ਪਹੁੰਚ ਗਈ।
ਜਿਉਂ ਹੀ ਪੁਲਿਸ ਵੱਲੋਂ ਟਰਾਲੇ ਨੂੰ ਆਪਣੀ ਹਿਰਾਸਤ ਵਿੱਚ ਲੈਣਾ ਚਾਹਿਆ ਤਾਂ ਉਥੋਂ ਦੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਇਹ ਟਰਾਲਾ ਥਾਣਾ ਸਦਰ ਪੱਟੀ ਦੀ ਪੁਲਿਸ ਨਾਲ ਲੈ ਕੇ ਆਉਣ ਅਤੇ ਲੈ ਜਾਣ ਪਰ ਪੁਲਿਸ ਪ੍ਰਸ਼ਾਸਨ ਵਲੋਂ ਇਸ ਤੇ ਸਖ਼ਤੀ ਵਿਖਾਈ ਗਈ ਤਾਂ ਪਿੰਡ ਵਾਸੀਆਂ ਵਿਚ ਅਤੇ ਪੁਲਿਸ ਵਿਚ ਮਾਮੂਲੀ ਤਕਰਾਰ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਲੇ ਦੇ ਡਰਾਈਵਰ ਜਗਜੀਵਨ ਸਿੰਘ ਨੇ ਦੱਸਿਆ ਕਿ ਉਹ ਇਹ ਟਰਾਲਾ ਖਾਲੀ ਕਰਕੇ ਆਪਣੇ ਮਾਲਕਾਂ ਕੋਲ ਲੈ ਕੇ ਜਾ ਰਹੇ ਸਨ ਤਾਂ ਜਦ ਉਹ ਸੁਲਤਾਨਵਿੰਡ ਨਹਿਰਾਂ ਕੋਲ ਪਹੁੰਚੇ ਤਾਂ ਉੱਥੇ ਕੁਝ ਵਿਅਕਤੀ ਆਏ ਅਤੇ ਉਸ ਤੋਂ ਟਰਾਲਾ ਖੋਹ ਲਿਆ ਅਤੇ ਭਜਾ ਕੇ ਲੈ ਆਏ।
ਇਸ ਸਬੰਧੀ ਟਰਾਲਾ ਖੋਹ ਕੇ ਲਿਆਉਣ ਵਾਲੇ ਵਿਅਕਤੀ ਜਤਿੰਦਰ ਸਿੰਘ ਅਤੇ ਸੁਖਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਟਰਾਲਾ ਅੱਜ ਤੋਂ ਦੋ ਸਾਲ ਪਹਿਲਾਂ ਅੰਮ੍ਰਿਤਸਰ ਦੇ ਹਰਪਾਲ ਸਿੰਘ ਭਾਲੇ ਨੂੰ ਵੇਚਿਆ ਸੀ ਪਰ ਉਕਤ ਵਿਅਕਤੀ ਨੇ ਇਸ ਦੀਆਂ ਕੋਈ ਵੀ ਕਿਸ਼ਤਾਂ ਨਹੀਂ ਤਾਰੀਆਂ ਅਤੇ ਉਲਟਾ ਇਸ ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਇਸ ਨੂੰ ਉਦੋਂ ਦਾ ਹੀ ਚਲਾ ਰਿਹਾ ਹੈ।
ਜਿਸ ਕਰਕੇ ਅਸੀਂ ਉਦੋਂ ਦੇ ਹੀ ਇਸ ਟਰਾਲੇ ਦੀ ਭਾਲ ਕਰ ਰਹੇ ਸੀ ਤਾਂ ਸਾਨੂੰ ਪਤਾ ਚੱਲਿਆ ਤਾਂ ਅਸੀਂ ਇਹ ਟਰਾਲਾ ਉਸ ਦੇ ਡਰਾਈਵਰ ਪਾਸੋਂ ਖੋਹ ਕੇ ਇੱਥੇ ਲੈ ਆਏ ਹਾਂ ਉਨ੍ਹਾਂ ਕਿਹਾ ਕਿ ਸਾਡਾ ਕੋਈ ਮਸਲਾ ਨਹੀਂ ਹੈ।