ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਮਾਮਲਾ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਮੈਂਬਰਾਂ ਦੀ ਚੋਣ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਮੋਰਚਾ ਦਲ ਦੇ ਵਰਕਰਾਂ ਨੇ ਦਰਬਾਰ ਸਾਹਿਬ ਦੇ ਘੰਟਾ ਘਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਾ ਕੇ ਭਰਵੀਂ ਨਾਅਰੇਬਾਜ਼ੀ ਕੀਤੀ।
ਧਰਨੇ ਦੌਰਾਨ ਪੰਥਕ ਮੋਰਚੇ ਦੇ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾਈ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਥੋੜ੍ਹਾ ਮੋਟਾ ਨੁਕਸਾਨ ਹੋ ਜਾਂਦਾ ਹੈ ਤਾਂ ਇਨ੍ਹਾਂ ਨੂੰ ਭਾਜੜਾਂ ਪੈ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਆਪਣੀਆਂ ਪੈਨਸ਼ਨਾਂ ਤਾਂ ਯਾਦ ਰਹਿੰਦੀਆਂ ਹਨ ਪਰੰਤੂ ਗੁਰੂ ਸਾਹਿਬ ਦੇ 328 ਸਰੂਪਾਂ ਦੇ ਗਾਇਬ ਹੋਣ ਬਾਰੇ ਕਿਸੇ ਨੂੰ ਕੋਈ ਸੋਝੀ ਨਹੀਂ ਆ ਰਹੀ। ਸ਼੍ਰੋਮਣੀ ਕਮੇਟੀ ਦਾ ਹਰ ਅਹੁਦੇਦਾਰ ਤੇ ਜਥੇਦਾਰ ਸਰੂਪਾਂ ਦੇ ਮਾਮਲੇ 'ਚ ਬਣਦੀ ਭੂਮਿਕਾ ਠੀਕ ਢੰਗ ਨਾਲ ਨਹੀਂ ਨਿਭਾਅ ਰਹੇ ਹਨ।
ਦਿਲਬਾਗ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਹਰ ਹਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲੈਣਗੇ। ਉਨ੍ਹਾਂ ਮੰਗ ਕੀਤੀ ਕਿ 328 ਸਰੂਪ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪਰਚੇ ਦਰਜ ਕੀਤੇ ਸਨ। ਨਾਲ ਹੀ 1984 ਦੌਰਾਨ ਜੋ ਸਰੂਪ ਲਾਪਤਾ ਹੋਏ ਹਨ ਉਨ੍ਹਾਂ ਦਾ ਵੀ ਹਿਸਾਬ ਦਿੱਤਾ ਜਾਵੇ।