ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ ਤਹਿਤ ਅਗਲੀ ਰਣਨੀਤੀ ਉਲੀਕਣ ਲਈ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਵਿਖੇ ਸੱਦਣ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਿਆ ਗਿਆ ਹੈ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ’ਤੇ ਸਰਕਾਰਾਂ ਵੱਲੋਂ ਸਿੱਖ ਬੰਦੀਆਂ ਨੂੰ ਲੈ ਕੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਅਨਿਆਂ ਵਿਰੁੱਧ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਅਵਾਜ਼ ਉਠਾ ਰਹੀ ਹੈ।
ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਇੱਕ ਵਫ਼ਦ ਨੇ 26 ਲੱਖ ਲੋਕਾਂ ਦੀ ਅਵਾਜ਼ ਪੰਜਾਬ ਦੇ ਰਾਜਪਾਲ ਕੋਲ ਉਠਾਈ ਸੀ ਅਤੇ ਹੁਣ ਅਗਲੀ ਰਣਨੀਤੀ ਉਲੀਕਣ ਲਈ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ 25 ਨਵੰਬਰ 2023 ਨੂੰ ਚੰਡੀਗੜ੍ਹ ਵਿਖੇ ਇਕੱਤਰਤਾ ਬੁਲਾਈ (A meeting was called at Chandigarh) ਜਾਵੇਗੀ। ਬੁੱਧੀ ਜੀਵੀਆਂ ਦੀ ਇਸ ਇਕੱਤਰਤਾ ਦੌਰਾਨ ਮਿਲੇ ਸੁਝਾਵਾਂ ਨੂੰ ਵਿਚਾਰਨ ਵਾਸਤੇ ਬਾਅਦ ਵਿੱਚ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਸੱਦ ਕੇ ਭਵਿੱਖੀ ਪ੍ਰੋਗਰਾਮ ਐਲਾਨਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਵਾਸਤੇ ਵੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਲਦ ਜਾਵੇਗਾ।
ਸ਼੍ਰੋਮਣੀ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਉੱਤੇ ਠੋਸ ਨੀਤੀ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਬਣ ਰਹੀਆਂ (The votes of the Shiromani Committee) ਵੋਟਾਂ ਲਈ ਠੋਸ ਨੀਤੀ ਨਾ ਬਣਾਉਣ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੀਆਂ ਜਨਰਲ ਚੋਣਾਂ ਲਈ ਵੋਟਾਂ ਬਣਾਉਣ ਪ੍ਰਤੀ ਸਰਕਾਰ ਸੰਜੀਦਾ ਨਹੀਂ ਹੈ, ਜਿਸ ਕਰਕੇ ਹੁਣ ਤੱਕ ਬਹੁਤ ਘੱਟ ਗਿਣਤੀ ਵਿਚ ਵੋਟਾਂ ਬਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਸਰਕਾਰ ਵੱਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇੱਕ ਮਤਾ ਪਾਸ ਕਰਕੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਤੋਂ ਮੰਗ ਕੀਤੀ ਗਈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੋਟਾਂ ਬਣਾਉਣ ਵਾਲੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਕਿ ਉਹ ਲੋਕਾਂ ਨੂੰ ਖੱਜਲ ਖੁਆਰ ਨਾ ਕਰਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਵੋਟ ਦੀ ਤਸਦੀਕ ਦੇ ਤਰੀਕੇ ਨੂੰ ਸੁਖਾਲਾ ਕੀਤਾ ਜਾਵੇ, ਤਾਂ ਜੋ ਲੋਕ ਭਰੇ ਫਾਰਮ ਇਕ ਥਾਂ ’ਤੇ ਇਕੱਤਰ ਕਰਕੇ ਜਮ੍ਹਾਂ ਕਰਵਾ ਸਕਣ। ਇਸ ਦੇ ਨਾਲ ਹੀ ਹਰ ਸਿੱਖ ਨੂੰ ਸ਼੍ਰੋਮਣੀ ਕਮੇਟੀ ਲਈ ਵੋਟਰ ਰਜਿਸਟਰਡ ਕਰਨ ਵਾਸਤੇ ਕੈਂਪ ਵੀ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਵੋਟਰਾਂ ਨੂੰ ਵੋਟ ਬਣਾਉਣ ਵਾਸਤੇ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰੇ, ਜਿਸ ਤਰ੍ਹਾਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਜਾਂਦਾ ਹੈ। ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨੇੜੇ ਆਯੋਜਤ ਕੀਤੇ ਗਏ ਇੱਕ ਪ੍ਰੋਗਰਾਮ ਦੌਰਾਨ ਮਰਯਾਦਾ ਵਿਰੁੱਧ ਹਰਕਤਾਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਠੀਕ ਨਹੀਂ ਹੈ ਕਿ ਗੁਰੂ ਘਰ ਨੇੜੇ ਸਿੱਖ ਭਾਵਨਾਵਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਸਰਕਾਰ ਦੇ ਸਬੰਧਤ ਮੰਤਰਾਲੇ ਅਤੇ ਓਕਾਫ਼ ਬੋਰਡ ਨੂੰ ਪੱਤਰ ਲਿਖਿਆ ਜਾ ਰਿਹਾ ਹੈ।
ਐਕਸ ਵਿਰੁੱਧ ਕਾਨੂੰਨੀ ਕਾਰਵਾਈ: ਅੰਤ੍ਰਿੰਗ ਕਮੇਟੀ ਵੱਲੋਂ ਇੱਕ ਵਿਸ਼ੇਸ਼ ਮਤਾ ਪਾਸ ਕਰਦਿਆਂ ਸੋਸ਼ਲ ਮੀਡੀਆ ’ਤੇ ਸਿੱਖਾਂ ਅਤੇ ਸਿੱਖ ਸੰਸਥਾਵਾਂ ਖਿਲਾਫ਼ ਕੀਤੇ ਜਾ ਰਹੇ ਨਫ਼ਰਤੀ ਪ੍ਰਚਾਰ ਦੀ ਵੀ ਕਰੜੀ ਨਿਖੇਧੀ ਕੀਤੀ ਗਈ ਹੈ। ਐਡਵੋਕੇਟ ਧਾਮੀ ਅਨੁਸਾਰ ਇਸ ਮਤੇ ਰਾਹੀਂ ਐਕਸ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ’ਤੇ ਬਣੇ ਇਕ ਫ਼ਰਜ਼ੀ ਪੈਰੋਡੀ ਖਾਤੇ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਹੋਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਫ਼ਰਜ਼ੀ ਖਾਤੇ ਰਾਹੀਂ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲਗਾਈ ਜਾ ਰਹੀ ਹੈ ਅਤੇ ਇਸ ਦੀ ਸ਼ਿਕਾਇਤ ਦੇ ਬਾਵਜੂਦ ਵੀ ਐਕਸ ਨੇ ਖਾਤਾ ਬੰਦ ਨਹੀਂ ਕੀਤਾ, ਸਗੋਂ ਇਸ ਨੂੰ ਆਪਣੀ ਨੀਤੀ ਤਹਿਤ ਜਾਇਜ਼ ਠਹਿਰਾ ਦਿੱਤਾ। ਹੁਣ ਇਸ ਫ਼ਰਜ਼ੀ ਖਾਤੇ ਅਤੇ ਐਕਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬਾਨ, ਟਰੱਸਟ ਅਤੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਮਸਲੇ ਵੀ ਵਿਚਾਰੇ ਗਏ। (special resolution passed by internal committee)