ਅੰਮ੍ਰਿਤਸਰ: ਪੰਜਾਬ ਵਿੱਚ ਵਿਗੜੀ ਕਾਨੂੰਨ ਵਿਵਸਥਾ ਦੀ ਇੱਕ ਹੋਰ ਮਿਸਾਲ ਅੱਜ ਅੰਮ੍ਰਿਤਸਰ ਵਿਖੇ ਵੇਖਣ ਨੂੰ ਮਿਲੀ ਜਦੋਂ ਸਥਾਨਕ ਕੱਟੜਾ ਕਰਮ ਸਿੰਘ ਦੇ ਸੱਤੋ ਵਾਲਾ ਬਾਜ਼ਾਰ ਵਿੱਚ ਬਾਈਕ ਸਵਾਰ ਹੋਕੇ ਆਏ ਤਿੰਨ ਲੁਟੇਰਿਆਂ ਨੇ ਸ਼ਰੇਆਮ ਦੁਕਾਨਦਾਰ ਨੂੰ ਗੰਨ ਪੁਆਇੰਟ ਉੱਤੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰ ਦੀ ਬਹਾਦਰੀ ਨੇ ਲੁਟੇਰਿਆਂ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ।
ਬਹਾਦਰੀ ਨੇ ਬਚਾਈ ਲੁੱਟ: ਕਰਿਆਨਾ ਸਟੋਰ ਦੇ ਮਾਲਿਕ ਵਿੱਕੀ ਦਾ ਕਹਿਣਾ ਹੈ ਕਿ ਤਿੰਨ ਲੁਟੇਰੇ ਆਏ ਅਤੇ ਉਸ ਦੇ ਕੋਲ ਇੱਕ ਲੁਟੇਰੇ ਨੇ ਆਕੇ ਗੰਨ ਦਿਖਾਈ ਅਤੇ ਬਿਨਾਂ ਕੋਈ ਰੋਲਾ ਪਾਏ ਪੈਸੇ ਦੇਣ ਲਈ ਕਿਹਾ ਪਰ ਦੁਕਾਨਦਾਰ ਨੇ ਕਿਹਾ ਕਿ ਮੈਂ ਬਾਹਰ ਆਕੇ ਲੁਟੇਰਿਆਂ ਦੇ ਨਾਲ ਮੁਕਾਬਲਾ ਕੀਤਾ ਅਤੇ ਉਹ ਡਰ ਕੇ ਮੌਕੇ ਉੱਤੋਂ ਭੱਜ ਗੇ ਪਰ ਜਾਂਦੇ ਸਮੇਂ ਉਨ੍ਹਾਂ ਵੱਲੋ ਗੋਲੀਆਂ ਚਲਾਇਆ ਗਈਆਂ ਅਤੇ ਪਤਾ ਲੱਗਾ ਹੈ ਕਿ ਗੋਲ਼ੀ ਕਿਸੇ ਨੋਜਵਾਨ ਦੇ ਲੱਗੀ ਹੈ। ਦੁਕਾਨਦਾਰ ਨੇ ਪ੍ਰਸ਼ਾਸ਼ਨ ਕੋਲੋਂ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ।
ਸੀਸੀਟੀਵੀ ਕੈਮਰੇ ਚੈੱਕ: ਓਥੇ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸਤੋ ਵਾਲੀ ਗਲੀ ਵਿਚ ਦੁਕਾਨਦਾਰ ਨੂੰ ਲੁੱਟਣ ਆਏ ਲੁਟੇਰਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਵਿੱਕੀ ਕਰਿਆਨਾ ਸਟੋਰ ਉੱਤੇ ਲੁੱਟੇਰੇ ਲੁੱਟ ਦੀ ਨੀਅਤ ਨਾਲ ਆਏ ਸਨ, ਪਰ ਕਰਿਆਨੇ ਵਾਲੇ ਵੱਲੋ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਲੁਟੇਰੇ ਉਥੋਂ ਭੱਜਣ ਲੱਗੇ ਅਤੇ ਜਾਂਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਰਸਤੇ ਵਿੱਚ ਇਕ ਅਣਪਛਾਤੇ ਵਿਅਕਤੀ ਨੂੰ ਗੋਲੀ ਲੱਗੀ ਹੈ ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਲੁਟੇਰਿਆਂ ਦਾ ਪਤਾ ਲਗਾਇਆ ਜਾਵੇਗਾ।
ਭਾਵੇਂ ਪੰਜਾਬ ਸਰਕਾਰ ਅਤੇ ਪੁਲਿਸ ਸਮੇਂ ਸਮੇਂ ਉੱਤੇ ਗੈਂਗਸਟਰਾਂ ਅਤੇ ਲੁਟੇਰਿਆਂ ਦੀ ਨਕੇਲ ਕੱਸਣ ਦੀ ਗੱਲ ਕਰਦੀ ਹੈ ਪਰ ਤਾਜ਼ਾ ਮਾਮਲੇ ਨੇ ਇੱਕ ਵਾਰ ਫਿਰ ਤੋਂ ਇਹ ਜੱਗ ਜ਼ਾਹਿਰ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦਾ ਕੋਈ ਖ਼ੌਫ ਨਹੀਂ ਹੈ ਅਤੇ ਸ਼ਰੇਆਮ ਲੋਕਾਂ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।