ਅੰਮ੍ਰਿਤਸਰ: ਅਮਰੀਕਾ ਦੇ ਮਿਸੀਸਿੱਪੀ ਸੂਬੇ ਵਿੱਚ ਬੀਤੀ ਰਾਤ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਕਸ਼ਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਕਸਬਾ ਮੱਤੇਵਾਲ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਨੌਜਵਾਨ ਪਿਛਲੇ ਤਿੰਨ ਸਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿੱਪੀ ਵਿੱਚ ਆਪਣੇ ਭਾਰ ਅਤੇ ਪਿਤਾ ਨਾਲ ਰਹਿ ਰਿਹਾ ਸੀ। ਮਿਸੀਸਿੱਪੀ ਵਿੱਚ ਉਨ੍ਹਾਂ ਦੇ ਕਈ ਜਨਰਲ ਸਟੋਰ ਹਨ। ਬੀਤੀ ਸ਼ਾਮ ਉਸ ਨੂੰ ਇੱਕ ਸਟੋਰ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਉੱਤੇ ਕੁਝ ਨੀਗਰੋ ਲੁਟੇਰੇ ਲੁੱਟਮਾਰ ਕਰ ਰਹੇ ਹਨ।
ਅਕਸ਼ਪ੍ਰੀਤ ਉਸੇ ਸਮੇਂ ਆਪਣੇ ਉਸ ਸਟੋਰ ਪਹੁੰਚਿਆ ਅਤੇ ਲੁਟੇਰਿਆਂ ਨਾਲ ਉਸ ਦੀ ਹੱਥੋਪਾਈ ਹੋ ਗਈ। ਹੱਥੋਪਾਈ ਦੌਰਾਨ ਅਕਸ਼ਪ੍ਰੀਤ ਸਿੰਘ ਦੀ ਲਾਇਸੈਂਸੀ ਪਿਸਤੌਲ ਹੇਠਾਂ ਡਿੱਗ ਗਈ ਅਤੇ ਲੁਟੇਰਿਆਂ ਨੇ ਉਸ ਦੀ ਪਿਸਤੌਲ ਚੁੱਕ ਕੇ ਅਕਸ਼ਪ੍ਰੀਤ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਉੱਤੇ ਟਵੀਟ ਰਾਹੀਂ ਦੁੱਖ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਵੀ ਅਪੀਲ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਆਉਣ ਵਿੱਚ ਮਦਦ ਕੀਤੀ ਜਾਵੇ।