ਅੰਮ੍ਰਿਤਸਰ: ਪਿਛਲੇ ਦਿਨੀਂ ਅਫਗਾਨਿਸਤਾਨ ਦੇ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ ’ਤੇ ਹੋਏ ਅੱਤਵਾਦੀ ਹਮਲੇ ਦੇ ਚਲਦੇ ਅੰਮ੍ਰਿਤਸਰ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੜਕਾਂ ’ਤੇ ਆ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਡਰਾਉਣ ਲਈ ਇਹ ਹਮਲਾ ਗੁਰਦੁਆਰਾ ਸਾਹਿਬ ’ਤੇ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਾਬੁਲ ’ਚ ਜਿਹੜੇ ਸਿੱਖ ਵਸਦੇ ਹਨ ਉਨ੍ਹਾਂ ਨੂੰ ਡਰਾਉਣ ਲਈ ਕਿ ਉਹ ਉੱਥੋਂ ਭੱਜਣ ਤੇ ਹੋਰ ਕਿਤੇ ਚਲੇ ਜਾਣ ਪਰ ਸਿੱਖ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜਿੱਥੇ ਖੜ੍ਹ ਜਾਂਦੀ ਹੈ ਉੱਥੋਂ ਹਿੱਲਦੀ ਨਹੀਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾ ਕਿਸੇ ਤੋਂ ਡਰੀ ਹੈ ਤੇ ਨਾ ਹੀ ਡਰੇਗੀ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦੋ ਤਿੰਨ ਵਾਰ ਕਾਬੁਲ ਵਿੱਚ ਸਿੱਖਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਕਈ ਸਿੱਖਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਪਰ ਉਥੋਂ ਦੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇੰਝ ਲੱਗਦਾ ਕਿ ਉਥੋਂ ਦੀ ਸਰਕਾਰ ਹੀ ਸਿੱਖਾਂ ’ਤੇ ਹਮਲੇ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਕਿਉਂਕਿ ਉੱਥੋਂ ਦੇ ਅੱਤਵਾਦੀਆਂ ਨੂੰ ਸਿੱਖਾਂ ਤੋਂ ਡਰ ਲੱਗ ਰਿਹਾ ਹੈ ਕਿਉਂਕਿ ਸਿੱਖ ਉਨ੍ਹਾਂ ਦੇ ਰਾਹ ਵਿੱਚ ਰੋੜਾ ਬਣਦੇ ਹਨ ਤਾਂ ਕਰਕੇ ਉਹ ਸਿੱਖਾਂ ਨੂੰ ਡਰਾ ਕੇ ਉੱਥੋਂ ਭਜਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਧਰਮ ਸਿੱਖਾਂ ਦੇ ਨਾਲ ਪਿਆਰ ਕਰਦੇ ਹਨ ਤੇ ਦਿੱਲੀ ਮੋਰਚੇ ’ਚ ਸਾਰੇ ਮਿਲਜੁਲ ਕੇ ਰਹਿੰਦੇ ਰਹੇ ਹਨ। ਪ੍ਰਦਰਨਸ਼ਕਾਰੀਆਂ ਨੇ ਕਿਹਾ ਕਿ ਭਾਈਚਾਰਿਆਂ ਨੂੰ ਪਾੜਨ ਲਈ ਇਹ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਬੁਲ ਵਿੱਚ ਹਮਲਾ ਹੋ ਸਕਦਾ ਹੈ ਤੇ ਪੰਜਾਬ ਦੇ ਵਿੱਚ ਵੀ ਸਿੱਖਾਂ ’ਤੇ ਏਜੰਸੀਆ ਹਮਲਾ ਕਰਵਾ ਸਕਦੀਆਂ ਹਨ। ਇਸ ਦੌਰਾਨ ਉਨ੍ਹਾਂ ਹਰੇਕ ਸ਼ਹਿਰ ਵਿੱਚ ਵੱਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਹਮਲੇ ਦੀ ਵਿਰੋਧ ਕੀਤਾ ਜਾਵੇ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ ’ਤੇ ਸੀਐੱਮ ਮਾਨ ਦਾ ਵੱਡਾ ਬਿਆਨ, ਕਿਹਾ- 'ਗੈਂਗਸਟਰਾਂ ਨੂੰ ਨਹੀਂ ਜਾਵੇਗਾ ਬਖਸ਼ਿਆ'