ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸਫ਼ਲ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ, ਜਿੰਨ੍ਹਾਂ ਨੂੰ ਸਰਵੋਤਮ ਸਹਾਇਕ ਭੂਮਿਕਾ ਲਈ ਅਹਿਮ ਐਵਾਰਡ ਨਾਲ ਨਿਵਾਜਿਆ ਗਿਆ ਹੈ, ਜੋ ਚਮਕੀਲਾ ਵਿਚਲੀ ਸਹਾਇਕ ਭੂਮਿਕਾ ਲਈ ਉਨ੍ਹਾਂ ਦੇ ਹਿੱਸੇ ਆਇਆ।
'ਇੰਟਰਨੈਸ਼ਨਲ ਆਈਕਨ ਐਵਾਰਡ 2024 ਪਾਲੀਵੁੱਡ ਸੀਜ਼ਨ 1' ਅਧੀਨ ਕਰਵਾਏ ਗਏ ਉਕਤ ਐਵਾਰਡ ਸਮਾਰੋਹ ਵਿੱਚ ਕਲਾ, ਸਮਾਜਿਕ ਅਤੇ ਹੋਰਨਾਂ ਖੇਤਰਾਂ ਵਿੱਚ ਪ੍ਰਭਾਵੀ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਹੇ ਹੋਰ ਵੀ ਕਈ ਚਿਹਰਿਆਂ ਨੂੰ ਵੱਖੋਂ-ਵੱਖਰੀ ਕੈਟਾਗਿਰੀਜ਼ ਅਧੀਨ ਸਨਮਾਨਿਤ ਕੀਤਾ ਗਿਆ।
ਓਧਰ ਉਕਤ ਐਵਾਰਡ ਨੂੰ ਲੈ ਕੇ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਵੱਲੋਂ ਕਾਫ਼ੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਜਜ਼ਬਾਤ ਬਿਆਨ ਕਰਦਿਆਂ ਕਿਹਾ ਕਿ ਨੈੱਟਫਲਿਕਸ ਉਪਰ ਸਟ੍ਰੀਮ ਹੋਈ ਉਕਤ ਬਾਇਓਪਿਕ ਦਾ ਹਿੱਸਾ ਬਣਨਾ ਉਨ੍ਹਾਂ ਦੇ ਲਈ ਬੇਹੱਦ ਮਾਣ ਵਾਲੀ ਗੱਲ ਰਹੀ, ਜਿਸ ਵਿੱਚ ਨਿਭਾਏ ਕਿਰਦਾਰ ਨੂੰ ਦੁਨੀਆਭਰ ਵਿੱਚ ਵਸੇਂਦੇ ਪ੍ਰਸ਼ੰਸਕਾਂ ਵੱਲੋਂ ਜੋ ਹੁੰਗਾਰਾ ਅਤੇ ਪਿਆਰ ਸਨੇਹ ਦਿੱਤਾ ਗਿਆ, ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਸੰਗੀਤ ਜਗਤ ਵਿੱਚ ਨਯਾਬ ਹੀਰੇ ਵਜੋਂ ਅਪਣੀ ਹੋਂਦ ਦਾ ਇਜ਼ਹਾਰ ਕਰਵਾਉਣ ਵਾਲੇ ਗਾਇਕ-ਗੀਤਕਾਰ ਅਤੇ ਸੰਗੀਤਕਾਰ ਮਰਹੂਮ ਅਮਰ ਸਿੰਘ ਚਮਕੀਲਾ ਦੇ ਜੀਵਨ, ਕਰੀਅਰ ਅਤੇ ਅੰਤਲੇ ਪੜ੍ਹਾਅ 'ਤੇ ਆਧਾਰਿਤ ਉਕਤ ਹਿੰਦੀ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਇਮਤਿਆਜ਼ ਅਲੀ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸ਼ਾਨਦਾਰ ਨਿਰਦੇਸ਼ਨਾਂ ਹੇਠ ਬਣੀ ਇਹ ਫਿਲਮ ਇੰਟਰਨੈਸ਼ਨਲ ਪੱਧਰ ਉੱਪਰ ਅਪਣੀ ਪ੍ਰਭਾਵਪੂਰਨ ਸਿਰਜਣਾ ਦਾ ਅਹਿਸਾਸ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜਿਸ ਵਿਚ ਦਿਲਜੀਤ ਦੁਸਾਂਝ, ਪਰਿਣੀਤੀ ਚੋਪੜਾ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਜਿੰਨ੍ਹਾਂ ਨਾਲ ਸਹਾਇਕ ਰੋਲਜ਼ ਵਿੱਚ ਅਦਾਕਾਰਾ ਨਿਸ਼ਾ ਬਾਨੋ ਦੀ ਭੂਮਿਕਾ ਨੂੰ ਵੀ ਕਾਫ਼ੀ ਸਰਾਹਿਆ ਗਿਆ।
ਪਾਲੀਵੁੱਡ ਦੀਆਂ ਕਈ ਬਹੁ-ਚਰਚਿਤ ਫਿਲਮਾਂ ਦਾ ਹਿੱਸਾ ਰਹੀ ਇਹ ਹੋਣਹਾਰ ਅਦਾਕਾਰਾ ਅਗਲੇ ਦਿਨੀਂ ਸਾਹਮਣੇ ਆਉਣ ਜਾ ਰਹੀਆਂ ਕਈ ਹੋਰ ਵੱਡੀਆਂ ਫਿਲਮਾਂ ਵਿੱਚ ਵੀ ਅਪਣੀ ਉਪ-ਸਥਿਤੀ ਦਾ ਇਜ਼ਹਾਰ ਕਰਵਾਉਂਣ ਜਾ ਰਹੀ ਹੈ, ਜਿੰਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ 'ਨਿੱਕਾ ਜ਼ੈਲਦਾਰ 4' ਵੀ ਸ਼ਾਮਿਲ ਹੈ, ਜਿਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
- ਪਟਿਆਲਾ ਤੋਂ ਲੈ ਕੇ ਅੰਮ੍ਰਿਤਸਰ ਤੱਕ, ਪੰਜਾਬ ਦੇ ਇਹਨਾਂ ਸ਼ਹਿਰਾਂ ਦੇ ਨਾਂਅ ਉਤੇ ਬਣੀਆਂ ਨੇ ਬਾਲੀਵੁੱਡ ਫਿਲਮਾਂ, ਇੱਕ ਤਾਂ ਹੈ ਸੁਪਰਹਿੱਟ
- ਜੇਲ੍ਹ 'ਚ ਬੰਦ ਇਸ ਪੰਜਾਬੀ ਐਕਟਰ ਦੀ ਜਲਦ ਰਿਲੀਜ਼ ਹੋ ਰਹੀ ਹੈ ਫਿਲਮ, ਅੰਮ੍ਰਿਤਪਾਲ ਸਿੰਘ ਦਾ ਹੈ ਖਾਸ 'ਮਿੱਤਰ'
- ਆਪਣੇ ਦਮ 'ਤੇ ਗਾਇਕੀ ਦੀ ਦੁਨੀਆ 'ਚ ਉੱਤਰੇ ਅਮਰਿੰਦਰ ਗਿੱਲ ਦੇ ਦੋਵੇਂ ਮੁੰਡੇ, ਤੜਕ-ਫੜਕ ਤੋਂ ਬਿਨ੍ਹਾਂ ਰਿਲੀਜ਼ ਕੀਤਾ ਪਹਿਲਾਂ ਗੀਤ, ਸਰੋਤੇ ਕਰ ਰਹੇ ਨੇ ਤਾਰੀਫ਼