ਹਿਮਾਚਲ ਪ੍ਰਦੇਸ਼ : ਕੁਝ ਸਾਲ ਪਹਿਲਾਂ ਜਦੋਂ ਉੱਤਰ ਪ੍ਰਦੇਸ਼ ਪੁਲਿਸ ਸਪਾ ਨੇਤਾ ਆਜ਼ਮ ਖਾਨ ਦੀ ਮੱਝ ਨੂੰ ਲੱਭਣ ਲਈ ਨਿਕਲੀ ਸੀ, ਤਾਂ ਇਸ ਨੂੰ ਲੈ ਕੇ ਕਾਫੀ ਹਾਸਾ ਮਚਿਆ ਸੀ। ਇਸ ਤੋਂ ਦੋ ਕਦਮ ਅੱਗੇ ਹਿਮਾਚਲ ਪ੍ਰਦੇਸ਼ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਮੋਸਿਆਂ ਨੂੰ ਲੈਕੇ ਸੀਆਈਡੀ ਜਾਂਚ ਬੈਠ ਗਈ, ਜਿਸ ਦੀ ਜਾਂਚ ਰਿਪੋਰਟ ਤਿਆਰ ਕੀਤੀ ਗਈ ਅਤੇ ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਇਹ ਸਮੋਸੇ ਮੁੱਖ ਮੰਤਰੀ ਲਈ ਮੰਗਵਾਏ ਗਏ ਸਨ ਪਰ ਸੁਰੱਖਿਆ ਕਰਮੀਆਂ ਇਨ੍ਹਾਂ ਨੂੰ ਖਾ ਗਏ। ਜਿਸ ਦੀ ਸੀਆਈਡੀ ਜਾਂਚ ਹੋ ਚੁੱਕੀ ਹੈ ਅਤੇ ਹੁਣ ਰਿਪੋਰਟ ਦੇ ਨਾਲ-ਨਾਲ ਸਰਕਾਰ ਦੀ ਨਮੋਸ਼ੀ ਵੀ ਸੋਸ਼ਲ ਮੀਡੀਆ ਤੇ ਮੀਡੀਆ ਵਿਚ ਵਾਇਰਲ ਹੋ ਰਹੀ ਹੈ। ਆਓ ਅਸੀਂ ਤੁਹਾਨੂੰ ਕਦਮ-ਦਰ-ਕਦਮ ਸਮਝਾਉਂਦੇ ਹਾਂ ਕਿ ਸਮੋਸੇ ਦੀ ਸੀਆਈਡੀ ਜਾਂਚ ਵਿੱਚ ਕੀ ਹੈ।
ਆਖਿਰ ਕਿਸ ਨੇ ਖਾਏ ਮੁੱਖ ਮੰਤਰੀ ਦੇ ਸਮੋਸੇ?
ਇਹ ਪਤਾ ਲਗਾਉਣ ਲਈ ਜਾਂਚ ਕੀਤੀ ਗਈ ਕਿ ਸ਼ਿਮਲਾ ਦੇ ਮਸ਼ਹੂਰ ਹੋਟਲ ਤੋਂ ਮੁੱਖ ਮੰਤਰੀ ਲਈ ਮੰਗੇ ਗਏ ਸਮੋਸੇ ਕਿਸ ਨੇ ਖਾਏ ਹਨ। ਸੀਐਮ ਸੁੱਖੂ ਲਈ ਸਮੋਸੇ ਮੰਗਵਾਏ ਗਏ ਸਨ ਪਰ ਕਿਸੇ ਹੋਰ ਨੇ ਉਨ੍ਹਾਂ ਨੂੰ ਚਟਨੀ ਵਿੱਚ ਡੁਬੋ ਕੇ ਖਾ ਲਿਆ। ਜਾਂਚ ਕੀਤੀ ਗਈ ਅਤੇ ਰਿਪੋਰਟ ਵੀ ਸੀਆਈਡੀ ਹੈੱਡਕੁਆਰਟਰ ਨੂੰ ਭੇਜ ਦਿੱਤੀ ਗਈ। ਹੁਣ ਤੱਕ ਤਾਂ ਠੀਕ ਸੀ ਪਰ ਉਸ ਤੋਂ ਬਾਅਦ ਵੱਡੀ ਗਲਤੀ ਹੋ ਗਈ। ਇਹ ਰਿਪੋਰਟ ਲੀਕ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਭਾਜਪਾ ਨੇ ਵੀ ਬਿਆਨਬਾਜ਼ੀ ਦੀ ਬੰਦੂਕ ਖੋਲ੍ਹ ਕੇ ਮੁੱਖ ਮੰਤਰੀ ਸੁੱਖੂ ਸਮੇਤ ਸਮੁੱਚੀ ਕਾਂਗਰਸ ਨੂੰ ਸਮੋਸੇ ਦੀ ਚਟਨੀ ਵਾਂਗ ਘੇਰਨਾ ਸ਼ੁਰੂ ਕਰ ਦਿੱਤਾ।
ਗੰਭੀਰਤਾ ਨਾਲ ਹੋਈ ਸਮੋਸਿਆਂ ਦੀ ਸੀਆਈਡੀ ਜਾਂਚ
ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਸਾਫ਼ ਹੈ ਕਿ ਸੀਐਮ ਦੇ ਸਮੋਸੇ ਦੀ ਜਾਂਚ ਬਹੁਤ ਹੀ ਸੰਜੀਦਗੀ ਅਤੇ ਗੰਭੀਰਤਾ ਨਾਲ ਕੀਤੀ ਗਈ ਹੈ। ਮਾਮਲਾ ਰਾਜ ਦੇ ਮੁਖੀ ਨਾਲ ਜੁੜਿਆ ਹੋਇਆ ਸੀ, ਜਾਂਚ ਰਿਪੋਰਟ ਪੜ੍ਹਨ 'ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਮੋਸੇ ਗਾਇਬ ਹੋਣ ਦੀ ਜਾਂਚ 'ਚ ਕਈ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਕਿ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਸੀਆਈਡੀ ਹੈੱਡਕੁਆਰਟਰ ਪਹੁੰਚਣਾ ਸੀ। 21.10.2024 ਨੂੰ, IGP, Int. ਨੇ ਇੱਕ ਐਸਆਈ ਨੂੰ ਆਪਣੇ ਦਫ਼ਤਰ ਬੁਲਾ ਕੇ ਲੱਕੜ ਬਜ਼ਾਰ ਨੇੜੇ ਸਥਿਤ ਹੋਟਲ ਤੋਂ ਕੁਝ ਖਾਣ ਪੀਣ ਦਾ ਸਮਾਨ ਲਿਆਉਣ ਲਈ ਕਿਹਾ ਸੀ। ਇਸ ਤੋਂ ਬਾਅਦ SI ਨੇ ਇੱਕ ASI ਅਤੇ HHC ਨੂੰ ਹੋਟਲ ਤੋਂ ਸਮਾਨ ਲਿਆਉਣ ਲਈ ਭੇਜਿਆ ਸੀ। ਦੋਵੇਂ ਹੋਟਲ ਤੋਂ ਸਮੋਸੇ ਅਤੇ ਕੇਕ ਦੇ ਤਿੰਨ ਡੱਬੇ ਲੈ ਕੇ ਪਹੁੰਚੇ।
ਕਿਸੇ ਹੋਰ ਦੀ ਪਲੇਟ 'ਚ ਚਲ ਗਏ ਸਨੈਕਸ
ਇਹ ਤਿੰਨ ਬਕਸਿਆਂ ਨੂੰ ਇੱਕ ਮਹਿਲਾ ਇੰਸਪੈਕਟਰ ਨੂੰ ਸੌਂਪਣ ਲਈ ਕਿਹਾ ਗਿਆ। ਰਿਪੋਰਟ ਮੁਤਾਬਕ ਐਸਆਈ ਨੇ ਇਹ ਸਾਮਾਨ ਰਿਸੈਪਸ਼ਨ ਨੇੜੇ ਮਹਿਲਾ ਇੰਸਪੈਕਟਰ ਨੂੰ ਸੌਂਪਿਆ ਅਤੇ ਇਹ ਵੀ ਦੱਸਿਆ ਕਿ ਇਹ ਸਾਮਾਨ ਸੀਐਮ ਲਈ ਹੈ। ਮਹਿਲਾ ਇੰਸਪੈਕਟਰ ਨੇ ਇਨ੍ਹਾਂ ਤਿੰਨਾਂ ਬਕਸਿਆਂ ਨੂੰ ਐਂਟੀ ਨਾਰਕੋਟਿਕਸ ਟਰੈਫਿਕਿੰਗ ਫੋਰਸ ਦੇ ਐਸਪੀ ਦਫ਼ਤਰ ਵਿੱਚ ਰੱਖਣ ਲਈ ਕਿਹਾ ਸੀ। ਇੱਥੋਂ ਹੀ ਅਜਿਹਾ ਹੰਗਾਮਾ ਹੋਇਆ ਕਿ ਸਮੋਸੇ ਜਾਪਾਨ ਦੀ ਬਜਾਏ ਚੀਨ ਪਹੁੰਚ ਗਏ, ਯਾਨੀ ਮੁੱਖ ਮੰਤਰੀ ਦੀ ਬਜਾਏ ਸੁਰੱਖਿਆ ਕਰਮਚਾਰੀਆਂ ਦੀਆਂ ਪਲੇਟਾਂ ਤੱਕ ਪਹੁੰਚ ਗਏ।
ਮੁੱਖ ਮੰਤਰੀ ਦੇ ਸਮੋਸੇ ਖਾਣਾ ਸਰਕਾਰ ਵਿਰੋਧੀ ਕਾਰਵਾਈ
ਇਸ ਮਾਮਲੇ ਸਬੰਧੀ ਸੀਆਈਡੀ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਨੇ 21 ਅਕਤੂਬਰ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਡੀਐਸਪੀ ਰੈਂਕ ਦੇ ਅਧਿਕਾਰੀ ਨੇ ਮਾਮਲੇ ਦੀ ਜਾਂਚ ਕਰਕੇ ਆਈਜੀ ਨੂੰ ਰਿਪੋਰਟ ਸੌਂਪ ਦਿੱਤੀ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੱਕ ਐਸਆਈ ਅਤੇ ਇੱਕ ਹੈੱਡ ਕਾਂਸਟੇਬਲ ਨੇ ਆਈਜੀ ਸੀਆਈਡੀ ਦਫ਼ਤਰ ਵਿੱਚ ਮੌਜੂਦ ਡੀਐਸਪੀ ਅਤੇ ਹੋਰ ਸੁਰੱਖਿਆ ਕਰਮਚਾਰੀਆਂ ਨੂੰ ਗਲਤੀ ਨਾਲ ਇਹ ਸਮੋਸੇ ਚਾਹ ਨਾਲ ਪਰੋਸ ਦਿੱਤੇ। ਆਪਣੇ ਬਿਆਨ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਇਹ ਵੀ ਕਿਹਾ ਕਿ ਉਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਡੱਬੇ ਵਿੱਚ ਲਿਆਂਦੀਆਂ ਚੀਜ਼ਾਂ ਮੇਨੂ ਵਿੱਚ ਸ਼ਾਮਲ ਨਹੀਂ ਸਨ, ਇਸ ਲਈ ਹੋਟਲ ਤੋਂ ਆਏ ਸਨੈਕਸ ਕਿਸੇ ਹੋਰ ਨੂੰ ਪਰੋਸ ਦਿੱਤੇ ਗਏ ਸੀ। ਸਮੋਸਿਆਂ ਦੇ ਸਵਾਦ ਕਾਰਨ ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਇਹ ਵੀਵੀਆਈਪੀ ਸਨੈਕਸ ਹੈ। ਇਸ ਰਿਪੋਰਟ ਵਿੱਚ ਸੀਐਮ ਦੇ ਸਮੋਸੇ ਖਾ ਜਾਣ ਦੇ ਇਸ ਮਾਮਲੇ ਨੂੰ ਸਰਕਾਰ ਵਿਰੋਧੀ ਕਾਰਵਾਈ ਦੱਸਿਆ ਗਿਆ ਹੈ।
ਭਾਜਪਾ ਨੇ ਸਾਧਿਆ ਨਿਸ਼ਾਨਾ
ਹੁਣ ਇਸ ਮਾਮਲੇ 'ਤੇ ਸਿਆਸਤ ਵੀ ਹੋ ਰਹੀ ਹੈ। ਭਾਜਪਾ ਨੇ ਇਸ ਮਾਮਲੇ 'ਤੇ ਸਰਕਾਰ ਨੂੰ ਘੇਰਿਆ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਹੋਰ ਵੀ ਘਪਲੇ ਹੋ ਰਹੇ ਹਨ ਪਰ ਸਰਕਾਰ ਸਮੋਸਿਆਂ ਨੂੰ ਲੈ ਕੇ ਚਿੰਤਤ ਹੈ। ਸਰਕਾਰ ਨੂੰ ਵਿਕਾਸ ਦੀ ਨਹੀਂ ਸਗੋਂ ਮੁੱਖ ਮੰਤਰੀ ਲਈ ਆਰਡਰ ਕੀਤੇ ਸਮੋਸਿਆਂ ਦੀ ਚਿੰਤਾ ਹੈ। ਰਿਪੋਰਟ ਵਿੱਚ ਸਰਕਾਰ ਵਿਰੋਧੀ ਐਕਟ ਵਰਗੇ ਸ਼ਬਦ ਵਰਤ ਕੇ ਹਿਮਾਚਲ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਹਿਮਾਚਲ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ, "ਸਮੋਸੇ ਜਿਥੇ ਪਹੁੰਚੇ ਸੀ,ਉਥੇ ਨਹੀਂ ਪਹੁੰਚੇ, ਸਮੋਸੇ ਵਿਚਕਾਰ ਹੀ ਗੁੰਮ ਹੋ ਗਏ। ਸ਼ਾਇਦ ਇਹ ਸਰਕਾਰ ਲਈ ਗੰਭੀਰ ਮਾਮਲਾ ਹੈ, ਇਸ ਲਈ ਇਸ ਦੀ ਜਾਂਚ ਕਰਵਾਈ ਗਈ ਅਤੇ ਇਸ ਨੂੰ ਸਰਕਾਰ ਵਿਰੋਧੀ ਗਤੀਵਿਧੀ ਦੱਸਿਆ ਗਿਆ। ਸਮੋਸਾ ਵਿਰੋਧੀ ਧਿਰ ਨੇ ਤਾਂ ਨਹੀਂ ਖਾਧਾ, ਜਿਸ ਨੇ ਵੀ ਸਮੋਸਾ ਖਾਧਾ ਉਹ ਜ਼ਰੂਰ ਸਰਕਾਰ ਦਾ ਹਿੱਸਾ ਰਿਹਾ ਹੋਵੇਗਾ। ਹਿਮਾਚਲ 'ਚ ਵੱਡੇ-ਵੱਡੇ ਭ੍ਰਿਸ਼ਟਾਚਾਰ ਹੋ ਰਹੇ ਹਨ ਅਤੇ ਉਨ੍ਹਾਂ ਦੀ ਜਾਂਚ ਨਹੀਂ ਹੋ ਰਹੀ, ਜਾਂਚ ਹੋ ਰਹੀ ਹੈ ਤਾਂ ਸਿਰਫ ਸਮੋਸੇ ਦੀ।"
ਭਾਜਪਾ ਆਗੂ ਰਣਧੀਰ ਸ਼ਰਮਾ ਨੇ ਵੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ 'ਸੱਖੂ ਸਰਕਾਰ ਨੂੰ ਲੋਕਾਂ ਤੇ ਸੂਬੇ ਦੇ ਵਿਕਾਸ ਨਾਲੋਂ ਸਮੋਸੇ ਦੀ ਜ਼ਿਆਦਾ ਚਿੰਤਾ ਹੈ।'