ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਮਾਲ ਰੋਡ ਸਥਿਤ ਪਾਸਪੋਰਟ ਦਫਤਰ ਦਾ ਹੈ ਜਿੱਥੇ 5 ਮਈ ਦੀ ਆਨਲਾਈਨ ਅਪਾਇੰਟਮੈਂਟ ਦੇ ਚਲਦੇ ਦੂਰ-ਦੁਰਾਡੇ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕ ਆਪਣੇ ਕੰਮਾਂ ਲਈ ਪਹੁੰਚੇ ਸਨ। ਇਸ ਦੌਰਾਨ ਪਾਸਪੋਰਟ ਦਫ਼ਤਰ ਬੰਦ ਦੇਖ ਕੇ ਲੋਕ ਤੈਸ਼ ਵਿੱਚ ਆ ਗਏ ਅਤੇ ਪਾਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਕਈ ਰਾਹਗੀਰਾਂ ਨਾਲ ਝੜਪ ਵੀ ਹੋਈ ਅਤੇ ਮਾਮਲੇ ਨੂੰ ਸੁਲਝਾਣ ਲਈ ਪੁਲਿਸ ਨੂੰ ਵਿੱਚ ਆਉਣਾ ਪਿਆ।
ਬੁੱਧ ਪੁਰਨਿਮਾ ਦੀ ਛੁੱਟੀ ਹੋਣ ਕਰਕੇ ਦਫ਼ਤਰ ਬੰਦ: ਪਾਸਪੋਰਟ ਦਫ਼ਤਰ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਬੁੱਧ ਪੁਰਨਿਮਾ ਦੀ ਛੁੱਟੀ ਹੋਣ ਕਰਕੇ ਅੱਜ ਦਫ਼ਤਰ ਬੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਬੁੱਧ ਪੁਰਨਿਮਾ ਦੀ ਛੁੱਟੀ ਸੀ ਤਾਂ ਦਫ਼ਤਰ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਅੱਜ ਦੇ ਦਿਨ ਦਫ਼ਤਰ ਪਹੁੰਚਣ ਦਾ ਸੱਦਾ ਕਿਉਂ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਤੋਂ ਲੋਕ ਆਪਣੇ ਕੰਮਾਂ ਲਈ ਪਹੁੰਚੇ ਨੇ ਪਰ ਇੱਥੇ ਪਾਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਕਰਕੇ ਅੱਜ ਉਨ੍ਹਾਂ ਨੂੰ ਸੰਤਾਪ ਹੰਢਾਉਣਾ ਪੈ ਰਿਹਾ ਹੈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋੇਕਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਵੀ ਕੀਤਾ।
ਤਿੰਨ ਮਹੀਨੇ ਪਹਿਲਾ 5 ਮਈ ਦੀ ਅਪਾਇੰਟਮੈਂਟ ਮਿਲੀ: ਮਾਮਲੇ ਸੰਬਧੀ ਗੱਲਬਾਤ ਕਰਦਿਆਂ ਪਾਸਪੋਰਟ ਅਪਾਇੰਟਮੈਂਟ ਉੱਤੇ ਅੰਮ੍ਰਿਤਸਰ ਪਾਸਪੋਰਟ ਦਫਤਰ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਹਨਾ ਨੂੰ ਤਿੰਨ ਮਹੀਨੇ ਪਹਿਲਾ 5 ਮਈ ਦੀ ਅਪਾਇੰਟਮੈਂਟ ਮਿਲੀ ਸੀ ਜਿਸ ਸੰਬਧੀ ਅੱਜ ਉਹ ਵੱਖ-ਵੱਖ ਜ਼ਿਲਿਆਂ ਤੋ ਅੰਮ੍ਰਿਤਸਰ ਪਹੁੰਚੇ ਸਨ ਅਤੇ ਇੱਥੇ ਪਹੁੰਚਣ ਉੱਤੇ ਦਫਤਰ ਬੰਦ ਮਿਲਣ ਉੱਤੇ ਰੋਸ ਵਜੋ ਸੜਕ ਜਾਮ ਕਰ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾ ਮੰਗ ਕੀਤੀ ਕਿ ਉਹਨਾਂ ਨੂੰ ਜਲਦ ਕੋਈ ਹੋਰ ਅਪਾਇੰਟਮੈਂਟ ਦੇਕੇ ਪਾਸਪੋਰਟ ਅਪਲਾਈ ਕਰਵਾਏ ਜਾਣ।
ਇਹ ਵੀ ਪੜ੍ਹੋ: ਕਥਿਤ ਅਸ਼ਲੀਲ ਵੀਡੀਓ ਨੂੰ ਲੈਕੇ ਘਿਰੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ, ਵਿਰੋਧੀਆਂ ਨੇ ਕਾਰਵਾਈ ਦੀ ਕੀਤੀ ਮੰਗ
ਪੁਲਿਸ ਨੇ ਮਾਮਲੇ ਦੇ ਹੱਲ ਦਾ ਦਿੱਤਾ ਭਰੋਸਾ: ਮਾਮਲੇ ਦੇ ਭਖ਼ਣ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚੀ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਅਤੇ ਰਾਹਗੀਰਾਂ ਨੂੰ ਸ਼ਾਂਤ ਕਰਵਾਇਆ। ਪੁਲਿਸ ਮੁਤਾਬਿਕ ਪਾਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਨਾਲ ਪ੍ਰਦਰਸ਼ਨਕਾਰੀਆਂ ਦੀ ਗੱਲਬਾਤ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਭਰੋਸਾ ਦਿਵਾਇਆ ਕਿ ਲੋਕਾਂ ਨੂੰ ਆਈ ਪਰੇਸ਼ਾਨੀ ਦਾ ਉਹ ਜਲਦ ਵਾਜਿਬ ਹੱਲ ਕੱਢ ਕੇ ਰਹਿੰਦੇ ਸਾਰੇ ਕੰਮਾਂ ਨੂੰ ਹੱਲ ਕਰਕੇ ਨੇਪਰੇ ਚਾੜਨਗੇ।