ਅੰਮ੍ਰਿਤਸਰ: ਅਟਾਰੀ ਦਾਣਾ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਮੰਡੀ ਬੋਰਡ ਦਾ ਪ੍ਰਧਾਨ ਅਤੇ ਕਿਸਾਨ ਦੋਸ਼ ਲਗਾ ਰਹੇ ਹਨ ਕਿ ਟੈਂਡਰ 'ਚ ਘਪਲਾ ਹੋਣ ਕਾਰਨ ਪਿਛਲੇ 20 ਦਿਨਾਂ ਤੋਂ ਲਿਫਟਿੰਗ ਨਹੀਂ ਹੋ ਰਹੀ।
ਮੰਡੀ ਬੋਰਡ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਲਿਫਟਿੰਗ ਦਾ ਟੈਂਡਰ ਦਿੱਤਾ ਗਿਆ ਹੈ। ਉਸ ਕੋਲ ਟਰਾਂਸਪੋਰਟ ਹੀ ਨਹੀਂ ਹੈ। ਇਸ ਮੰਡੀ 'ਚ ਫ਼ਸਲ ਦੀ ਆਮਦ ਲਗਾਤਾਰ ਜਾਰੀ ਹੈ ਪਰ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਜਗ੍ਹਾ ਹੀ ਨਹੀਂ ਬਚੀ। ਉਨ੍ਹਾਂ ਕਿਹਾ ਕਿ ਜੇਕਰ ਬਰਸਾਤ ਹੋ ਜਾਂਦੀ ਹੈ ਤਾਂ ਲੱਖਾਂ ਟਨ ਝੋਨਾ ਖਰਾਬ ਹੋ ਜਾਵੇਗਾ।
ਉੱਥੇ ਕਿਸਾਨਾਂ ਨੇ ਦੱਸਿਆ ਕਿ ਇਹ ਸਭ ਕੁਝ ਮਿਲੀਭੁਗਤ ਨਾਲ ਚੱਲ ਰਿਹਾ ਹੈ ਅਤੇ ਜਿਸ ਵਿਅਕਤੀ ਨੂੰ ਇਸ ਮੰਡੀ ਦਾ ਠੇਕਾ ਦਿੱਤਾ ਗਿਆ ਹੈ। ਉਸ ਨੂੰ ਦੋ ਹੋਰ ਮੰਡੀਆਂ ਦਾ ਠੇਕਾ ਦਿੱਤਾ ਗਿਆ ਹੈ ਅਤੇ ਉੱਥੇ ਵੀ ਇਸੇ ਤਰੀਕੇ ਨਾਲ ਫਸਲ ਰੁਲ ਰਹੀ ਹੈ।
ਜਦੋਂ ਇਸ ਮਾਮਲੇ ਬਾਰੇ ਜ਼ਿਲ੍ਹਾ ਖੁਰਾਕ ਸਪਲਾਈਜ਼ ਕੰਟਰੋਲਰ ਜਸਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਠੇਕੇਦਾਰ ਨੂੰ ਸ਼ੁੱਕਰਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਉਹ ਫਸਲ ਨਹੀਂ ਚੁੱਕਦਾ ਤਾਂ ਉਸ ਦਾ ਟੈਂਡਰ ਰੱਦ ਕੀਤਾ ਜਾਵੇਗਾ।