ਅੰਮ੍ਰਿਤਸਰ: ਐਮ.ਪੀ ਗੁਰਜੀਤ ਔਜਲਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ 3 ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਮੌਨ ਵਰਤ ਰੱਖ ਕੇ ਆਪਣਾ ਰੋਸ ਜ਼ਾਹਿਰ ਕੀਤਾ। ਗੁਰਜੀਤ ਔਜਲਾ ਨੇ ਆਪਣੇ ਵਰਕਰਾਂ ਨਾਲ ਜਲ੍ਹਿਆਂਵਾਲਾ ਬਾਗ ਦੇ ਬਾਹਰ ਉਧਮ ਸਿੰਘ ਦੇ ਬੁੱਤ ਹੇਠਾਂ 2 ਘੰਟੇ ਦਾ ਮੌਨ ਵਰਤ ਰੱਖਿਆ।
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਭਾਜਪਾ ਦੀ ਸਰਕਾਰ ਜਿਹੜੇ ਕਿਸਾਨ ਤੇ ਮਜ਼ਦੂਰ ਵਿਰੋਧੀ ਬਿੱਲ ਲੈ ਕੇ ਆ ਰਹੀ ਹੈ ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਹ ਗੁੰਗੀ ਬੋਲੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਸ ਦੇ ਵਿਰੋਧ ਵਿੱਚ ਹੀ ਅੱਜ ਉਨ੍ਹਾਂ ਨੇ ਮੌਨ ਵਰਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਨ ਵਰਤ ਰਾਹੀਂ ਉਨ੍ਹਾਂ ਦੀ ਇਹ ਮੰਗ ਹੈ ਕਿ ਜਿਹੜੇ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਗਏ ਹਨ ਇਨ੍ਹਾਂ ਨੂੰ ਲੋਕ ਸਭਾ ਵਿੱਚ ਪੇਸ਼ ਨਾ ਕੀਤਾ ਜਾਵੇ।
ਗੁਰਜੀਤ ਔਜਲਾ ਨੇ ਕਿਹਾ ਕਿ ਜਿੱਥੇ ਕੇਂਦਰ ਦੀ ਸਰਕਾਰ ਪ੍ਰਾਈਵੇਟ ਮੰਡੀਆਂ ਨੂੰ ਲੈ ਕੇ ਆਉਣ ਦੀ ਗੱਲ ਕਹਿ ਰਹੀ ਹੈ ਇਸ ਨਾਲ ਐਮਐਸਪੀ ਬਿਲਕੁਲ ਹੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ ਆਰਡੀਨੈਂਸ ਆ ਜਾਂਦੇ ਹਨ ਇਸ ਨਾਲ 2-3 ਕਿਲੇ ਵਾਲੇ ਕਿਸਾਨ ਖ਼ਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਿੱਥੇ ਅੱਜ ਉਨ੍ਹਾਂ ਮੌਨ ਵਰਤ ਰੱਖ ਕੇ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਹੈ ਉੱਥੇ ਹੀ ਇਹ ਮੌਨਤਾ ਲੋਕ ਸਭਾ ਵਿੱਚ ਵੀ ਜਾਰੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਨੀਟ ਤੇ ਜੀਏਏ ਦੀਆਂ ਪ੍ਰੀਖਿਆਵਾਂ ਦਾ ਵੀ ਵਿਰੋਧ ਕਰਦੇ ਹਨ।
ਇਹ ਵੀ ਪੜ੍ਹੋ:ਲੁਧਿਆਣਾ 'ਚ ਚਲਦਾ ਫਿਰਦਾ ਡੌਗ ਸਲੂਨ ਚਰਚਾ 'ਚ, ਕਾਲਜ ਦੇ ਵਿਦਿਆਰਥੀ ਨੇ ਕੀਤਾ ਸ਼ੁਰੂ