ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਪ੍ਰਤੀ ਜਾਗਰੂਕ ਕਰ ਰਹੇ 6 ਸਿੱਖ ਨੌਜਵਾਨ 40 ਦਿਨਾਂ 'ਚ 22 ਦੇਸ਼ਾਂ ਦੀ ਮੋਟਰਸਾਈਕਲ 'ਤੇ ਯਾਤਰਾ ਪੁਰੀ ਕਰਦਿਆਂ ਅਟਾਰੀ ਵਾਘਾ ਸਰਹੱਦ 'ਤੇ ਪੁੱਜ ਗਏ ਹਨ। ਇਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਭਰਵਾਂ ਸਵਾਗਤ ਕੀਤਾ। ਦੱਸ ਦਈਏ, ਨੌਜਵਾਨਾਂ ਨੇ ਇਹ ਯਾਤਰਾ 3 ਮਈ ਨੂੰ ਸ਼ੁਰੂ ਕੀਤੀ ਸੀ।
ਇਸ ਮੌਕੇ ਐੱਸਜੀਪੀਸੀ ਦੇ ਸਕੱਤਰ ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਲੈ ਕੇ ਉਨ੍ਹਾਂ ਦੇ ਸਿਧਾਂਤਾਂ, ਉਨ੍ਹਾਂ ਦੀ ਕਥਨੀ ਨੂੰ ਲੋਕਾਂ ਤੱਕ ਪਹੁੰਚਾਉਣ 'ਤੇ ਉਨ੍ਹਾਂ ਦੀ ਰਾਹ 'ਤੇ ਚਲਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਟੀਚਾ ਲੈ ਕੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ।
ਇਸ ਤੋਂ ਇਲਾਵਾ ਕੈਨੇਡਾ ਤੋਂ ਆਏ ਕਲੱਬ ਦੇ ਲੀਡਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਇਹ ਕੈਨੇਡਾ ਵਿਚ ਕਲੱਬ ਹੈ ਜਿਸ ਦਾ ਨਾਂਅ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਰੱਖਿਆ ਹੋਇਆ ਹੈ। ਅਸੀਂ ਲਗਭਗ 20 ਦੇਸ਼ਾ ਦਾ ਪ੍ਰੋਗਰਾਮ ਕਾਰਨ ਦਾ ਪ੍ਰੋਗਰਾਮ ਬਣਾਇਆ ਸੀ, ਪਰ ਹੁਣ ਅਸੀਂ 22 ਦੇਸ਼ਾਂ ਦਾ ਦੌਰਾ ਕਰਕੇ ਅੱਜ ਅਮ੍ਰਿਤਸਰ ਪੁੱਜੇ ਹਾਂ। ਜ਼ਿਕਰਯੋਗ ਹੈ ਕਿ ਇਹ ਸਿੱਖ ਨੌਜਵਾਨ ਉਹ ਹਨ ਜਿਨ੍ਹਾਂ ਨੇ ਕੈਨੇਡਾ 'ਚ ਮੋਟਰਸਾਈਕਲ 'ਤੇ ਪੱਗ ਬੰਨ੍ਹ ਕੇ ਚਲਣ ਦੀ ਇਜਾਜ਼ਤ ਲਈ ਸੀ।