ਅੰਮ੍ਰਿਤਸਰ: ਇਕ ਪਾਸੇ ਜਿੱਥੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਦੂਜੇ ਪਾਸੇ ਉਮੀਦਵਾਰਾਂ ਵੱਲੋਂ ਪ੍ਰਚਾਰ ਜ਼ੋਰਾਂ-ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਪ੍ਰਚਾਰ ਕਰਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਅੰਮ੍ਰਿਤਸਰ ਪਹੁੰਚੇ ਹੋਏ ਸੀ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਇਕ ਮੋਟਰਸਾਈਕਲ ਮਾਰਚ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਹ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਵਿਧਾਨ ਸਭਾ ਹਲਕਾ ਪੂਰਬੀ ਦੇ ਵੱਖ-ਵੱਖ ਇਲਾਕਿਆਂ ਵਿਚ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਹਿੱਸਾ ਲਿਆ।
ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਨੇ ਕਿਹਾ ਕਿ ਇਹ ਮੋਟਰਸਾਈਕਲ ਮਾਰਚ ਕੋਈ ਰਾਜਨੀਤਿਕ ਜਾਂ ਸਿਆਸਤ ਭਰਿਆ ਮਾਰਚ ਨਹੀਂ ਹੈ ਇਹ ਮਾਰਚ ਸਿਰਫ਼ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਨ ਲਈ ਕੀਤਾ ਗਿਆ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਦੇ ਨਾਲ ਮਿਲ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ ਸੀ ਅਤੇ ਅਸੀਂ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹੋਏ ਇਹ ਮਾਰਚ ਕੀਤਾ ਗਿਆ ਹੈ।
ਦੂਜੇ ਪਾਸੇ ਵਿਰੋਧੀਆਂ ਵੱਲੋਂ ਨਵਜੋਤ ਸਿੰਘ ਸਿੱਧੂ ’ਤੇ ਜੋ ਪਾਕਿਸਤਾਨ ਸਬੰਧਾਂ ’ਤੇ ਤੰਜ ਕੱਸੇ ਜਾ ਰਹੇ ਹਨ ਉਸ ’ਤੇ ਬੋਲਦੇ ਹੋਏ ਫਾਊਂਡੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨਾਲ ਜੱਫੀ ਪਾਉਣ ’ਤੇ ਸਾਡੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੁੰਦੇ ਹਨ ਅਤੇ ਅਸੀਂ ਹਰ ਉਸ ਦੁਸ਼ਮਣ ਨਾਲ ਜੱਫੀ ਪਾਉਣ ਨੂੰ ਤਿਆਰ ਹਾਂ ਜੋ ਸਾਡੇ ਗੁਰੂਧਾਮਾਂ ਨਾਲ ਸਾਨੂੰ ਦਰਸ਼ਨ ਦੀਦਾਰੇ ਕਰਵਾ ਸਕਦੇ ਹਨ।
ਇਹ ਵੀ ਪੜੋ: ਕੇਜਰੀਵਾਲ 51 ਹਜ਼ਾਰ ਵਾਰ ਬੋਲ ਚੁੱਕੇ ਹਨ ਝੂਠ- ਸੀਐੱਮ ਚੰਨੀ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਹੁਣ ਚੋਣ ਪ੍ਰਚਾਰ ਉਮੀਦਵਾਰਾਂ ਵੱਲੋਂ ਜ਼ੋਰਾਂ ਸ਼ੋਰਾਂ ’ਤੇ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦਾ ਮੁਕਾਬਲਾ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨਾਲ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਵਿਧਾਨ ਸਭਾ ਹਲਕਿਆਂ ਚ ਸਟਾਰ ਪ੍ਰਚਾਰਕ ਲਿਆ ਕੇ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਨ ਲਈ ਮੋਟਰਸਾਈਕਲ ਮਾਰਚ ਵੀ ਕੀਤਾ ਗਿਆ।