ਅੰਮ੍ਰਿੰਤਸਰ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਸੰਬੰਧਤ ਲਿਆਂਦੇ ਗਏ ਕਾਨੂੰਨ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਤੇ ਹੁਣ ਪੰਜਾਬ ਹਰਿਆਣਾ ਤੇ ਯੂਪੀ ਦੇ ਕਿਸਾਨਾਂ ਵੱਲੋਂ ਦਿੱਲੀ ਡੇਰੇ ਲਾਏ ਹੋਏ ਹਨ, ਕਿਸਾਨਾਂ ਦੀਆਂ ਕੇਂਦਰ ਸਰਕਾਰ ਨਾਲ ਹੋ ਰਹੀਆਂ ਮੀਟਿੰਗਾਂ ਵੀ ਲਗਾਤਾਰ ਬੇਸਿੱਟਾ ਹੋ ਰਹੀਆਂ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਆਗੂ ਸਤਨਾਮ ਸਿੰਘ ਕਾਹਲੋਂ ਨੇ ਕਿਹਾ ਕਿ ਕਿਸਾਨ ਭਾਰਤ ਦੇ ਅੰਨਦਾਤਾ ਹਨ ਤੇ ਕਿਸਾਨ ਦੇਸ਼ ਦੀ ਤਰੱਕੀ ਵਿੱਚ ਵੀ ਅਹਿਮ ਹਿੱਸਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਕਰ ਕੇ ਪੰਜਾਬ ਤੇ ਦੇਸ਼ ਦੀ ਖੇਤੀਬਾੜੀ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਅਜਿਹੇ ਕਾਨੂੰਨਾਂ ਨੂੰ ਰੱਦ ਕਰੇ।
ਕਾਹਲੋਂ ਨੇ ਕਿਹਾ ਕਿ ਕਿਸਾਨ ਹੁਣ ਦਿੱਲੀ ਜਾ ਕੇ ਬੈਠੇ ਹਨ ਜੋ ਆਪਣੇ ਹੱਕ ਲੈ ਕੇ ਹੀ ਮੁੜਨਗੇ ਕਿਉਂਕਿ ਪੰਜਾਬੀ ਕਦੇ ਵੀ ਆਪਣੇ ਨਹੀਂ ਮਰਣ ਦਿੰਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਕੇ ਕਿਸਾਨਾਂ ਨਾਲ ਸਬੰਧਤ ਕਾਨੂੰਨਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਨਹੀਂ ਤਾਂ ਪੰਜਾਬੀ ਆਪਣੇ ਹਿਸਾਬ ਨਾਲ ਉਨ੍ਹਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਕਿਸੇ ਸਮੇਂ ਪੰਜਾਬ 'ਚ ਸਰਦਾਰ ਹਰੀ ਸਿੰਘ ਨਲੂਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਹੈ, ਜਿਥੇ ਹਰ ਵਰਗ ਖੁਸ਼ੀ ਵਸ ਰਿਹਾ ਸੀ ਪਰ ਹੁਣ ਦੇਸ਼ ਦੀ ਆਰਥਿਕਤਾ ਡੋਲ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਸਾਨੀ ਸੰਘਰਸ਼ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਭਰਾਵਾਂ ਨੂੰ ਹੱਕ ਮਿਲ ਸਕਣ।