ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਘੰਟਾ ਘਰ ਵਾਲੇ ਪਾਸੇ ਕੋਰੋਨਾ ਵਾਇਰਸ ਨੂੰ ਲੈ ਕੇ ਬਾਹਰ ਤੋਂ ਆਉਣ ਵਾਲੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੋਟਮਾ ਦੇ ਰਹਿਣ ਵਾਲੇ 45 ਸਾਲਾ ਪ੍ਰਵਾਸੀ ਮਜ਼ਦੂਰ ਜਗਦੀਸ਼ ਯਾਦਵ ਦਾ ਚੈਕਅੱਪ ਕੀਤਾ ਗਿਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਥੋੜਾ ਜਿਹਾ ਬੁਖ਼ਾਰ ਤੇ ਖਾਂਸੀ ਸੀ ਜਿਸ ਕਰਕੇ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ।
ਇਸ ਬਾਰੇ ਫ਼ਾਰਮੇਸੀ ਅਫ਼ਸਰ ਬਲਜੀਤ ਸਿੰਘ ਨੇ ਦੱਸਿਆ ਕਿ ਉੱਕਤ ਮਜ਼ਦੂਰ ਨੂੰ ਬੁਖ਼ਾਰ ਅਤੇ ਸੁੱਕੀ ਖੰਘ ਦੀ ਸ਼ਿਕਾਇਤ ਸੀ ਤਾਂ ਕਰਕੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਭੇਜਿਆ ਗਿਆ। ਦੱਸ ਦਈਏ, ਇਹ ਮਜ਼ਦੂਰ ਪਿਛਲੇ 6 ਮਹੀਨਿਆਂ ਤੋਂ ਅੰਮ੍ਰਿਤਸਰ ਵਿਖੇ ਰਹਿ ਰਿਹਾ ਸੀ ਤੇ ਮਜ਼ਦੂਰੀ ਕਰਦਾ ਸੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਕਰਫਿਊ ਲੱਗਿਆ ਹੋਇਆ ਹੈ ਤੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਮੰਨਾ ਕੀਤਾ ਜਾ ਰਿਹਾ ਹੈ। ਉੱਥੇ ਹੀ ਥਾਂ-ਥਾਂ ਕੈਂਪ ਲਾ ਕੇ ਬਾਹਰ ਤੋਂ ਆਉਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਵੱਲੋਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੇਤ ਸਾਰੇ ਹੀ ਗੁਰੂ ਘਰਾਂ ਵਿੱਚ ਸਾਵਧਾਨੀ ਸਾਫ਼ ਸਫ਼ਾਈ ਰੱਖਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਸਾਰੇ ਗੇਟਾਂ ਉੱਤੇ ਡਾਕਟਰੀ ਟੀਮਾਂ ਆ ਰਹੇ ਸ਼ਰਧਾਲੂ ਦਾ ਤਾਪਮਾਨ ਚੈੱਕ ਤੇ ਸੇਨੈਟਾਈਜ਼ ਕਰ ਰਹੀਆਂ ਹਨ।