ਅੰਮ੍ਰਿਤਸਰ: ਸ਼ਹਿਰ ਵਿੱਚ ਆਏ ਦਿਨ ਹੀ ਲੁੱਟ ਖੋਹ ਅਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਬੀਤੀ ਰਾਤ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ। ਇੱਥੇ ਲੁਟੇਰਿਆਂ ਵੱਲੋਂ ਲੁੱਟ ਦੇ ਇਰਾਦੇ ਨਾਲ ਪਹਿਲਾਂ ਦੋ ਨੌਜਵਾਨਾਂ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਫਿਰ ਗੋਲੀ ਚਲਾ ਕੇ ਉਨ੍ਹਾਂ ਕੋਲੋਂ 10,000 ਦੀ ਨਕਦੀ ਅਤੇ ਲੁੱਟੀ ਅਤੇ ਮਗਰੋਂ ਦੋ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ।
ਮਹਿੰਦੀ ਲਗਾਉਣ ਦਾ ਕੰਮ ਕਰਦੇ ਹਨ ਪੀੜਤ ਨੌਜਵਾਨ: ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਮਹਿੰਦੀ ਲਗਾਉਣ ਦਾ ਕੰਮ ਕਰਦੇ ਹਨ ਤੇ ਰਾਤ ਸਮੇਂ ਦੋ ਵਿਅਕਤੀ ਮਹਿੰਦੀ ਲਗਾ ਕੇ ਵਾਪਸ ਆ ਰਹੇ ਸਨ, ਤਾਂ ਜਦੋਂ ਉਹ ਜੰਡਿਆਲਾ ਗੁਰੂ ਦੇ ਪਿੰਡ ਜਾਨੀਆਂ ਦੇ ਕੋਲ ਪਹੁੰਚੇ, ਤਾਂ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਐਕਟੀਵਾ ਦੇ ਉੱਪਰ ਹਮਲਾ ਕੀਤਾ। ਜਦੋਂ ਉਹ ਜ਼ਮੀਨ 'ਤੇ ਡਿੱਗੇ ਤਾਂ ਹਮਲਾਵਾਰਾਂ ਨੇ ਉਸ ਕੋਲੋਂ 10 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਫੋਨ ਖੋਹ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਣ ਵੇਲੇ ਹਵਾ ਵਿੱਚ ਗੋਲੀ ਚਲਾ ਕੇ ਉੱਥੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਵਿਅਕਤੀਆਂ ਨੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਜੰਡਿਆਲਾ ਗੁਰੂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ: ਇਹ ਸਾਰੇ ਮਾਮਲੇ 'ਚ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੰਡਿਆਲਾ ਗੁਰੂ ਇਲਾਕਿਆਂ ਦੇ ਪਿੰਡ ਜਾਨੀਆਂ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਕਿ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਮਹਿੰਦੀ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਨਾਲ ਲੁੱਟ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਵਿੱਚ 10 ਹਜਾਰ ਦੀ ਲੁੱਟ ਸਾਹਮਣੇ ਆਈ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਮਲਾਵਰਾਂ ਵੱਲੋਂ ਗੋਲੀ ਵੀ ਚਲਾਈ ਗਈ। ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।