ਅੰਮ੍ਰਿਤਸਰ: ਬੀਤੇ ਦਿਨੀਂ ਜੰਮੂ ਦਿੱਲ੍ਹੀ ਹਾਈਵੇ 'ਤੇ ਹਰਿਆਣਾ ਵਿੱਚ ਸ਼ਾਹਬਾਦ ਵਿਖੇ ਸੂਰਜਮੁਖੀ ਦੀ ਫ਼ਸਲ ਲਈ ਐੱਮਐੱਸਪੀ (MSP) ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਭਰਪੂਰ ਲਾਠੀਚਾਰਜ ਦੇ ਵਿਰੋਧ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਇਸ ਰਵੱਈਏ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਵੀਰਵਾਰ ਨੂੰ ਪੰਜਾਬ ਦੇ ਕਰੀਬ 19 ਜ਼ਿਲ੍ਹਿਆਂ ਵਿੱਚ 104 ਸਥਾਨਾਂ 'ਤੇ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਚਲਦਿਆਂ ਕਿਸਾਨ ਆਗੂਆਂ ਵੱਲੋਂ ਟੋਲ ਪਲਾਜ਼ਾ ਕੱਥੂਨੰਗਲ ਵਿਖੇ ਨੈਸ਼ਨਲ ਹਾਈਵੇ 'ਤੇ ਸਰਕਾਰ ਖ਼ਿਲਾਫ਼ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਨਾਅਰੇਬਾਜ਼ੀ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਕੱਥੂਨੰਗਲ ਟੋਲ ਪਲਾਜ਼ਾ ਉਤੇ ਪ੍ਰਦਰਸ਼ਨ: ਗੱਲਬਾਤ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦੱਸਿਆ ਬੀਤੇ ਹਰਿਆਣਾ ਵਿੱਚ ਕਿਸਾਨਾਂ ਦੀ ਕੀਤੀ ਗਈ ਕੁੱਟਮਾਰ ਅਤੇ ਪਰਚੇ ਕੀਤੇ ਗਏ। ਇਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਪ੍ਰਦਸ਼ਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਅਰਥੀ ਫੂਕੀ ਜਾ ਰਹੀ ਹੈ। ਇਸੇ ਤਹਿਦ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ 'ਤੇ ਪੈਂਦੇ ਕੱਥੂਨੰਗਲ ਟੋਲ ਪਲਾਜ਼ਾ ਉਤੇ ਵੀ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਉਤੇ ਤਸ਼ੱਦਤ: ਐਮਐਸਪੀ ਦੀ ਮੰਗ ਨੂੰ ਲੈ ਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਸਰਕਾਰ ਕੋਲੋਂ ਆਪਣੀਆਂ ਫਸਲਾਂ ਦਾ ਬਣਦਾ ਸਮਰਥਨ ਮੁੱਲ ਮੰਗ ਰਹੇ ਹਨ। ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਨੇ ਬਦਲੇ ਵਿੱਚ ਅੰਨਾ ਤਸ਼ੱਦਦ ਢਾਹੁੰਦਿਆਂ ਕਿਸਾਨਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ। ਉਨ੍ਹਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਸਮੇਤ 3 ਐਫਆਈਆਰ ਵਿੱਚ ਕਰੀਬ 700 ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜੋ ਕਿ ਸਰਕਾਰ ਦੀ ਬਰਬਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੱਲ ਜੋ ਸਰਕਾਰ ਵੱਲੋਂ ਐਮਐਸਪੀ ਦੇ ਐਲਾਨ ਹੋਏ ਹਨ ਉਹ ਕਿਸਾਨਾਂ ਦੇ ਪੱਖੀ ਨਹੀਂ ਹਨ।
ਤਹਿ ਹੋਈ MSP ਉਤੇ ਖਰੀਦੀਆਂ ਜਾਣ ਸਾਰੀਆਂ ਫਸਲਾਂ: ਕਿਸਾਨਾਂ ਨੂੰ ਝੋਨਾ, ਦਾਲ, ਸੋਇਆਬੀਨ, ਸੂਰਜਮੁਖੀ ਸਣੇ ਹੋਰ ਫ਼ਸਲਾਂ ਉਤੇ ਐਮਐਸਪੀ (MSP) ਮਿਲੀ ਹੈ। ਇਸ ਵਿੱਚੋਂ ਪੰਜਾਬ ਵਿੱਚ ਸਿਰਫ ਝੋਨਾ ਹੀ ਖਰੀਦਿਆ ਜਾਂਦਾ ਹੈ ਹੋਰ ਫਸਲਾਂ ਨਹੀਂ ਖਰੀਦੀਆਂ ਜਾਂਦੀਆਂ। ਜਿਸ ਲਈ ਉਹ ਚਾਹੁੰਦੇ ਹਨ ਕਿ ਜਿਨ੍ਹੀਆਂ ਵੀ ਫਸਲਾਂ ਉਤੇ ਸਰਕਾਰ ਨੇ ਐਮਐਸਪੀ ਦਿੱਤਾ ਹੈ ਉਨ੍ਹਾਂ ਸਾਰੀਆਂ ਫਸਲਾਂ ਦੀ ਸਰਕਾਰ ਖਰੀਦ ਕਰੇ। ਉਨ੍ਹਾਂ ਕਿਹਾ ਕਿ 9 ਸਾਲ ਦੇ ਸਮੇਂ ਦੌਰਾਨ ਨਾ ਤਾਂ ਐਮਐਸਪੀ ਗਾਰੰਟੀ ਕਾਨੂੰਨ ਅਤੇ ਨਾ ਹੀ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਈ ਹੈ। ਜਿਸ ਦੇ ਖਿਲਾਫ ਵਿਰੋਧ ਵਿੱਚ ਅੱਜ ਦਾ ਪ੍ਰਦਰਸ਼ਨ ਕੀਤਾ ਗਿਆ ਹੈ।