ਅੰਮ੍ਰਿਤਸਰ: ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਦੌਰਾਨ ਸਰਕਾਰ ਆਉਣ `ਤੇ ਗੁਰਦੁਆਰਾ ਸਾਹਿਬਾਨ ਨੂੰ ਉਖਾੜਨ ਵਾਲੇ ਬਿਆਨ 'ਤੇ ਪੰਜਾਬ ਵਿੱਚ ਵਿਰੋਧ ਵੱਧਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣੀ ਪ੍ਰਤਿਕਿਰਿਆ ਜ਼ਾਹਿਰ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਜਸਥਾਨ ਵਿੱਚ ਭਾਜਪਾ ਦੀ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਨੂੰ ਉਖਾੜ ਦੇਣ ਵਾਲਾ ਬਿਆਨ ਬੇਹੱਦ ਨਿੰਦਣਯੋਗ ਹੈ।
ਯੂਪੀ ਦੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਸੀ ਵਿਰੋਧ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਵਿੱਚ ਜਦੋਂ ਇਹ ਬਿਆਨ ਦਿੱਤਾ ਗਿਆ ਤਾਂ ਉਸ ਸਮੇਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੰਚਤੇ 'ਤੇ ਬੈਠੇ ਸਨ। ਉਨ੍ਹਾਂ ਦੀ ਜਿੰਮੇਦਾਰੀ ਬਣਦੀ ਸੀ ਕਿ ਅਜਿਹੇ ਨਫ਼ਰਤੀ ਬਿਆਨ ਦਾ ਉਹ ਉਸੇ ਸਮੇਂ ਅਤੇ ਉਸੇ ਮੰਚ ਤੋਂ ਹੀ ਵਿਰੋਧ ਕਰਦੇ ਪਰ ਦੁੱਖ ਦੀ ਗੱਲ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਇਸ ਵਰਤਾਰੇ ਦੇ ਭਾਗੀ ਬਣੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਵੀ ਆਪਣੀ ਸਿੱਖ ਵਿਰੋਧੀ ਵਿਚਾਰਧਾਰਾ ਦੇ ਤਹਿਤ ਗੁਰਧਾਮਾਂ 'ਤੇ ਹਮਲੇ ਕੀਤੇ ਅਤੇ ਹੁਣ ਭਾਜਪਾ ਵੀ ਉਸੇ ਰਾਹ 'ਤੇ ਤੁਰਦੀ ਨਜ਼ਰ ਆ ਰਹੀ ਹੈ।
ਕੇਂਦਰ ਨੂੰ ਵਿਰੋਧ ਦਰਜ ਕਰਵਾਏ ਕਮੇਟੀ: ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕੇਂਦਰ ਨੂੰ ਪੱਤਰ ਲਿੱਖ ਕੇ ਇਸ ਮਾਮਲੇ ਦਾ ਵਿਰੋਧ ਦਰਜ ਕਰਵਾਏ। ਇਸ ਮਾਮਲੇ 'ਤੇ ਮੁੱਖ ਮੰਤਰੀ ਅਦਿਤਿਆਨਾਥ ਯੋਗੀ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਨਾ ਹੁੰਦੇ ਤਾਂ ਉੱਤਰੀ ਭਾਰਤ ਮੁਸਲਮਾਨ ਹੋਣਾ ਸੀ। ਉਹਨਾਂ ਕਿਹਾ ਕਿ ਆਪਸੀ ਫੁੱਟ ਦਾ ਕਾਰਨ ਹੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਪਾ ਰਿਹਾ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੋਝੇ ਯਤਨਾਂ ਨਾਲ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਦੇ ਸਮੇਂ ਸੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੋਲਦਾ ਸੀ ਤਾਂ ਪ੍ਰਧਾਨ ਮੰਤਰੀ ਤੱਕ ਨੂੰ ਜਵਾਬ ਦੇਣਾ ਪੈਂਦਾ ਸੀ ਪਰ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਦੇਣੇ ਪੈ ਰਹੇ ਤੇ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ।
ਰਾਜਾ ਵੜਿੰਗ ਦੇ ਬਿਆਨ ਦੀ ਨਿਖੇਧੀ: ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਰਾਜਾ ਵੜਿੰਗ ਵਲੋਂ ਕਮਲਨਾਥ ਨੂੰ ਲੈਕੇ ਦਿੱਤੇ ਵਿਵਾਦਤ ਬਿਆਨ 'ਤੇ ਵੀ ਆਪਣਾ ਪੱਖ ਰੱਖਿਆ ਹੈ। ਜਥੇਦਾਰ ਨੇ ਕਿਹਾ ਕਿ ਜੋ ਵਿਅਕਤੀ ਇੰਦਰਾ ਗਾਂਧੀ ਨੂੰ ਆਪਣੀ ਮਾਂ ਮੰਨਦਾ ਹੈ ਤਾਂ ਉਸ ਤੋਂ ਸਿੱਖਾਂ ਲਈ ਇਨਸਾਫ਼ ਤੇ ਹਮਦਰਦੀ ਦੀ ਆਸ ਕਿਥੇ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਪਾਉਣ ਦੇ ਬਰਾਬਰ ਰਾਜਾ ਵੜਿੰਗ ਦਾ ਇਹ ਬਿਆਨ ਹੈ ਤੇ ਉਹ ਵੀ ਉਸ ਸਮੇਂ ਜਿੰਨ੍ਹਾਂ ਦਿਨਾਂ 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੋਵੇ।
- Sidhu Moose Wala Murder Case: ਸਿੱਧੂ ਮੂਸੇਵਾਲਾ ਕੇਸ ਦੀ ਅਗਲੀ ਪੇਸ਼ੀ 16 ਨਵੰਬਰ ਨੂੰ, ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ
- Case of The Murder of a Soldier: ਪੁਲਿਸ ਨੇ 6 ਘੰਟਿਆਂ 'ਚ ਸੁਲਝਾਇਆ ਫੌਜੀ ਦੇ ਕਤਲ ਦਾ ਮਾਮਲਾ, ਮਾਂ ਸਣੇ ਦੋਵੇਂ ਪੁੱਤ ਗ੍ਰਿਫਤਾਰ
- Kapurthala Murder Cases : ਕਪੂਰਥਲਾ ਪੁਲਿਸ ਨੇ ਦੋ ਦਿਨਾਂ 'ਚ ਤਿੰਨ ਕਤਲ ਕੇਸਾਂ ਨੂੰ ਸੁਲਝਾਇਆ, ਪੜ੍ਹੋ ਪੂਰੀ ਖ਼ਬਰ...
ਸ਼੍ਰੋਮਣੀ ਕਮੇਟੀ ਨੇ ਵੀ ਕੀਤੀ ਵਿਰੋਧਤਾ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਾਜਸਥਾਨ ਦੇ ਤਿਜਾਰਾ 'ਚ ਰੈਲੀ ਦੌਰਾਨ ਦਿੱਤੇ ਇਸ ਬਿਆਨ 'ਤੇ ਆਪਣਾ ਰੋਸ ਦਰਜ ਕਰਵਾ ਚੁੱਕੀ ਹੈ। ਐਸਜੀਪੀਸੀ ਵੱਲੋਂ ਰੈਲੀ ਵਿੱਚ ਦਿੱਤੇ ਜਾ ਰਹੇ ਬਿਆਨ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਸਟੇਜ 'ਤੇ ਬੈਠੇ ਨਜ਼ਰ ਆ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਇਸ ਪੂਰੇ ਮਾਮਲੇ ਵਿੱਚ ਬਿਆਨ ਦੇਣ ਵਾਲੇ ਭਾਜਪਾ ਆਗੂਆਂ, ਰੈਲੀ ਕਰਨ ਵਾਲੇ ਭਾਜਪਾ ਆਗੂਆਂ ਅਤੇ ਯੋਗੀ ਆਦਿੱਤਿਆਨਾਥ ਤੋਂ ਸਿੱਖਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।