ਅੰਮ੍ਰਿਤਸਰ: ਗੁਰੂ ਨਗਰੀ ਤੋਂ ਵੱਖ ਵੱਖ ਗੁਰੂਧਾਮਾਂ ਦੇ ਦਰਸ਼ਨ ਕਰਵਾਉਣ ਵਾਲੀ ਵਿਸ਼ੇਸ਼ ਟਰੇਨ "ਗੁਰੂ ਕਿਰਪਾ" ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਉਪਰੰਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋ ਗਈ। ਇਸ ਟਰੇਨ ਨੂੰ ਰੇਲਵੇ ਦੇ ਸੀਨੀਅਰ ਡੀਸੀਐਮ ਸ਼ੁਭਮ ਸ਼ਰਮਾ ਨੇ ਹਰੀ ਝੰਡੀ ਦਿਖਾ ਅੰਮ੍ਰਿਤਸਰ ਤੋਂ ਰਵਾਨਾ ਕੀਤਾ। ਰਲਵੇ ਵਿਭਾਗ ਵੱਲੋਂ ਚਲਾਈ ਇਸ ਟਰੇਨ ਪ੍ਰਤੀ ਸੰਗਤ ਵਿੱਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ।
10 ਰਾਤਾਂ ਤੇ 11 ਦਿਨ ਦਾ ਇੰਨਾ ਹੋਵੇਗਾ ਕਿਰਾਇਆ: ਇਸ ਮੌਕੇ ਸੰਗਤ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਟ੍ਰੇਨ ਚਲਾ ਕੇ ਰੇਲਵੇ ਵਿਭਾਗ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। 11 ਦਿਨ, 10 ਰਾਤਾਂ ਦਾ ਟੂਰ 19,999 ਰੁਪਏ ਪ੍ਰਤੀ ਵਿਅਕਤੀ ਅਤੇ ਬੱਚਿਆਂ ਲਈ 18,882 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਹ ਮਿਆਰੀ ਸ਼੍ਰੇਣੀ ਦੇ ਅਧੀਨ ਆਉਂਦਾ ਹੈ ਅਤੇ ਕੀਮਤ ਚੁਣੀ ਗਈ ਸ਼੍ਰੇਣੀ 'ਤੇ ਨਿਰਭਰ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਵੀ ਇਸੇ ਕਿਰਾਏ ਵਿੱਚ ਕੀਤਾ ਗਿਆ ਹੈ। ਸ਼ਰਧਾਲੂਆਂ ਨੇ ਕਿਹਾ ਕਿ ਯਾਤਰਾ ਦੌਰਾਨ ਰੇਲਵੇ ਵਿਭਾਗ ਵੱਲੋਂ ਉਨ੍ਹਾਂ ਲਈ ਹਰ ਸੁੱਖ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਕੁੱਲ 678 ਯਾਤਰੀਆਂ ਦੀ ਸਮਰੱਥਾ : ਆਈਆਰਸੀਟੀਸੀ ਇਸ ਟਰੇਨ ਨੂੰ ਨੌਂ ਸਲੀਪਰ ਕਲਾਸ ਕੋਚਾਂ, ਏਸੀ-3 ਟੀਅਰ ਅਤੇ ਇੱਕ ਏਸੀ-2 ਟੀਅਰ ਕੋਚ ਨਾਲ ਸੰਚਾਲਿਤ ਕਰੇਗੀ। IRCTC ਤਿੰਨ ਸ਼੍ਰੇਣੀਆਂ, ਸਟੈਂਡਰਡ, ਸੁਪੀਰੀਅਰ ਅਤੇ ਕੰਪਫਰਟ ਵਿੱਚ ਸ਼ਰਧਾਲੂਆਂ ਲਈ ਟੂਰ ਪੈਕੇਜਾਂ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਵਿੱਚ ਕੁੱਲ 678 ਯਾਤਰੀਆਂ ਦੀ ਸਮਰੱਥਾ ਹੈ। ਇਸ ਸਾਰੇ-ਸੰਮਲਿਤ ਟੂਰ ਪੈਕੇਜ ਵਿੱਚ ਜ਼ਰੂਰੀ ਤੌਰ 'ਤੇ ਐਰਗੋਨੋਮਿਕ ਤੌਰ 'ਤੇ ਤਿਆਰ ਕੀਤੇ ਗਏ ਵਿਸ਼ੇਸ਼ ਕੋਚਾਂ ਵਿੱਚ ਆਰਾਮਦਾਇਕ ਰੇਲ ਯਾਤਰਾ, ਆਨ-ਬੋਰਡ ਅਤੇ ਆਫ-ਬੋਰਡ ਭੋਜਨ, ਗੁਣਵੱਤਾ ਵਾਲੇ ਹੋਟਲ ਦੀ ਰਿਹਾਇਸ਼, ਸੈਰ-ਸਪਾਟੇ ਦੇ ਨਾਲ-ਨਾਲ ਪੂਰੀ ਸੜਕ ਟ੍ਰਾਂਸਫਰ ਸਹੂਲਤਾਂ ਸ਼ਾਮਲ ਹੋਣਗੀਆਂ।
ਇਨ੍ਹਾਂ ਗੁਰੂਧਾਮਾਂ ਦੇ ਹੋਣਗੇ ਦਰਸ਼ਨ: ਇਸ ਯਾਤਰਾ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ, ਸਰਹਿੰਦ ਵਿਖੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਬਠਿੰਡਾ ਵਿੱਚ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਸ਼ਾਮਲ ਹਨ। ਉਸ ਤੋਂ ਬਾਅਦ ਟਰੇਨ ਨਾਂਦੇੜ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਬਿਦਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਅਤੇ ਪਟਨਾ ਵਿੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਰਵਾਨਾ ਹੋਵੇਗੀ।
ਹਰ ਯਾਤਰੀ ਦੀ ਸਹੂਲਤ ਦਾ ਰੱਖਿਆ ਜਾ ਰਿਹਾ ਧਿਆਨ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੇਲਵੇ ਵਿਭਾਗ ਦੇ ਸੀਨਿਅਰ ਡੀਸੀਐਮ ਸ਼ੁਭਮ ਸ਼ਰਮਾ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਇਹ ਉਪਰਾਲਾ ਪੂਰੇ ਦੇਸ਼ ਦੇ ਤੀਰਥ ਅਸਥਾਨਾਂ ਨੂੰ ਆਪਸ ਵਿੱਚ ਜੋੜਨ ਦੇ ਮਕਸਦ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰੇਨਾਂ ਰਾਹੀਂ ਭਾਰਤ ਦੇ ਵਿਚਲਾ ਟੂਰਿਜ਼ਮ ਹੋਰ ਵੀ ਜ਼ਿਆਦਾ ਪ੍ਰਫੁੱਲਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਤੋਂ ਇਲਾਵਾ ਰੇਲਵੇ ਵਿਭਾਗ ਵੱਲੋਂ ਇਸ ਟਰੇਨ ਵਿੱਚ ਮੌਜੂਦ ਹਰ ਯਾਤਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਰੇਲਵੇ ਮੰਤਰਾਲਾ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਮਸ਼ਹੂਰ ਥੀਮ-ਆਧਾਰਿਤ ਸਰਕਟਾਂ 'ਤੇ ਭਾਰਤ ਗੌਰਵ ਟੂਰਿਸਟ ਟਰੇਨਾਂ ਦੇ ਆਪਣੇ ਮਾਧਿਅਮ ਰਾਹੀਂ ਭਾਰਤ ਦੇ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ: Daily Hukamnama 10 April : ਸੋਮਵਾਰ, ੨੮ ਚੇਤ, ੧੦ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ