ਅੰਮ੍ਰਿਤਸਰ: ਮੂਲ ਨਾਨਕਸ਼ਾਹੀ ਕੈਲੰਡਰ ਅਤੇ ਬਿਕਰਮੀ ਕੈਲੰਡਰ ਦੇ ਸਬੰਧ ਵਿੱਚ ਸਵਾਲ ਪੁੱਛੇ ਜਾਣ 'ਤੇ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਸਾਨੂੰ ਆਪਣੀਆਂ ਪੁਰਾਤਨ ਰੀਤਾਂ ਦੇ ਮੁਤਾਬਕ ਚੱਲਣਾ ਚਾਹੀਦਾ ਹੈ, ਜਿਸ ਦੇ ਆਧਾਰ 'ਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਖ਼ਾਲਸਾ ਪੰਥ ਦੀ ਸਾਜਨਾ ਦਾ ਸਬੰਧ ਹੈ, ਉਸ ਅਨੁਸਾਰ ਹੀ ਆਪਣਾ ਕਾਰ ਵਿਹਾਰ ਕਰਨਾ ਚਾਹੀਦਾ ਹੈ।
ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਹਰ ਸਾਲ ਅੰਗਰੇਜ਼ੀ ਕੈਲੰਡਰ ਅੱਗੇ ਪਿੱਛੇ ਹੁੰਦਾ ਹੈ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਹਿੰਦੋਸਤਾਨੀਆਂ ਨੂੰ ਭਾਰਤ ਵਿੱਚ ਅੰਗਰੇਜ਼ੀ ਕੈਲੰਡਰ ਲਾਗੂ ਕਰਨ ਦੀ ਕੀ ਕਾਹਲੀ ਪਈ ਹੈ? ਜਦੋਂ ਕਿ ਚਾਹੀਦਾ ਇਹ ਹੈ ਕਿ ਜੋ ਪੁਰਾਤਨ ਕਲੈਡੰਰ ਚੱਲ ਰਿਹਾ ਹੈ, ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਸਮ ਗ੍ਰੰਥ ਵਿੱਚ ਸਾਰੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਹਨ ਅਤੇ ਬਾਰਾਂ ਮਾਂਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ ਤੇ ਇੱਕ ਦਸਮ ਗ੍ਰੰਥ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ।
ਜਥੇਦਾਰ ਗੌਹਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਚੇਤ ਦੀ ਵਰਤੋਂ ਕੀਤੀ ਹੈ ਨਹੀਂ ਤਾਂ ਉਥੇ ਜਨਵਰੀ ਲਿਆਉਣਾ ਸੀ, ਇਸ ਲਈ ਸਾਨੂੰ ਝਗੜਿਆਂ ਵਿੱਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਪਣੀ ਦਸਤਾਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਨਾ ਕਿ ਟੋਪੀਆਂ ਵਾਲਿਆਂ ਵਾਂਗ ਬਦਲਣਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਸਰਵਉੱਚ ਹਨ, ਮੈਂ ਵੀ ਨਿਮਾਣੇ ਸਿੱਖ ਵੱਲੋਂ ਹੁਕਮ ਨੂੰ ਮੰਨਦਾ ਹਾਂ, ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਤੂਲ ਦੇ ਕੇ ਨਹੀਂ ਲੜਨਾ ਚਾਹੀਦਾ, ਸਾਡੀ ਆਪਸੀ ਫੁੱਟ ਦਾ ਵਿਰੋਧੀ ਸ਼ਕਤੀਆਂ ਨੂੰ ਲਾਭ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਕਦੇ ਵੀ ਮੁਸਲਮਾਨਾਂ ਨੇ ਮੁਹੰਮਦ ਸਾਹਿਬ ਦੀ ਕਿਸੇ ਗੱਲ 'ਤੇ ਤਰਕ ਨਹੀਂ ਕੀਤਾ ਤੇ ਨਾ ਹੀ ਕਿਸੇ ਹਿੰਦੂ ਵੱਲੋਂ ਕੋਈ ਆਪਣੇ ਰੀਤੀ ਰਿਵਾਜ ਬਾਰੇ ਮਾੜਾ ਚੰਗਾ ਕਹਿ ਜਾਂਦਾ ਹੈ।
ਇੱਕ ਪਾਸੇ ਸਾਡੇ ਵਿਦਵਾਨ ਢਾਈ ਕਿਤਾਬਾਂ ਪੜ੍ਹ ਕੇ ਸਾਡੇ ਸਿਧਾਤਾਂ ਅਤੇ ਤਰਕਾਂ ਕਰਦੇ ਹਨ, ਬੇ-ਵਿਸ਼ਵਾਸੀ ਦੀ ਥਾਂ ਸਾਨੂੰ ਨਿਤਨੇਮ, ਜਾਪ ਕਰਨਾ ਚਾਹੀਦਾ ਹੈ ਤੇ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਕਿਉਂਕਿ ਵਖਰੇਵਿਆਂ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ 1984 ਮੌਕੇ ਸਿੱਖ ਕਤਲੇਆਮ ਵੀ ਸਾਡੇ ਵਖਰੇਵਾ ਕਰਕੇ ਹੋਇਆ। ਉਨ੍ਹਾਂ ਕਿਹਾ ਕਿ ਸਾਨੂੰ ਦੂਜਿਆਂ ਦੋਸ਼ ਦੇਣ ਦੀ ਥਾਂ ਆਸ ਵਿੱਚ ਵੀ ਏਕਤਾ ਰੱਖਣੀ ਚਾਹੀਦੀ ਹੈ। ਇਸ ਕਰਕੇ ਉਹ ਸੇਵਕ ਹੋਣ ਦੇ ਨਾਤੇ ਇਹ ਕਹਿਣਾ ਚਾਹੁੰਦੇ ਹਨ ਕਿ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ।