ਅੰਮ੍ਰਿਤਸਰ: ਕਰੋੜਾਂ ਦਾ ਗਾਂ ਸੈਸ (Cow Cess) ਲੈਣ ਦੇ ਬਾਵਜੂਦ ਸਰਕਾਰ ਬੇਜ਼ੁਬਾਨ ਪਸ਼ੂਆਂ ਦਾ ਢੁੱਕਵਾਂ ਹੱਲ ਨਹੀਂ ਕੱਢਦੀ। ਇਹ ਪਸ਼ੂ ਅਵਾਰਾ ਸੜਕਾਂ ਉੱਤੇ ਉਤਰਦੇ, ਭੁੱਖੇ-ਪਿਆਸੇ ਫਿਰਦੇ ਹਨ। ਜਿੱਥੇ, ਇਹ ਅਵਾਰਾ ਪਸ਼ੂਆਂ ਦੀ ਖੁਦ ਦੀ ਜਿੰਦਗੀ ਖ਼ਤਰੇ ਵਿੱਚ ਹੁੰਦੀ ਹੈ, ਉੱਥੇ ਹੀ ਇਹ ਅਵਾਰਾ ਪਸ਼ੂ ਆਮ ਜਨਤਾ ਲਈ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਪਸ਼ੂਆਂ ਨੂੰ ਸੰਭਾਲਣ ਦੀ ਬੀੜ੍ਹਾ ਲੋਧੀ ਗੁੱਜਰ ਗਊਸ਼ਾਲਾ ਦੇ ਪਿੰਡ ਵਾਸੀਆਂ ਨੇ ਚੁੱਕਿਆ ਹੈ।
ਸਰਕਾਰ ਵਲੋਂ ਕੋਈ ਮਦਦ ਨਹੀਂ: ਦੱਸ ਦੇਈਏ ਕਿ ਅੰਮ੍ਰਿਤਸਰ ਦੇ ਅਧੀਨ ਪੈਂਦੇ ਪਿੰਡ ਲੋਧੀ ਗੁਜਰ ਵਿਖ਼ੇ ਜ਼ਖਮੀ ਗਾਵਾਂ ਦੀ ਨਿਸ਼ਕਾਮ ਸੇਵਾ ਇਸ ਪਿੰਡ ਦੇ ਵਾਸੀਆਂ ਵਲੋਂ ਕੀਤੀ ਜਾਂਦੀ ਹੈ। ਇਸ ਪਿੰਡ ਦੇ ਵਾਸੀਆਂ ਲਈ ਤੂੜੀ ਪੱਠੇ ਇਕੱਠੇ ਕਰਨੇ ਔਖੇ ਹਨ, ਪਰ 6 ਸਾਲਾਂ ਤੋਂ ਬੇਜੁਬਾਨਾਂ ਦੀ ਸੇਵਾ ਨਿਭਾਅ ਰਹੇ ਹਨ। ਅਜਿਹੇ ਵਿੱਚ ਕਈ ਵਾਰ ਹਾਦਸਿਆਂ ਵਿੱਚ ਜ਼ਖਮੀ ਤੇ ਲਵਾਰਿਸ ਪਸ਼ੂ ਲੋਕ ਪਿੰਡ ਲੋਧੀ ਗੁੱਜਰ ਗਊਸ਼ਾਲਾ ਵਿੱਚ ਛੱਡ ਜਾਂਦੇ ਹਨ ਅਤੇ ਇੱਥੇ ਸੇਵਾ ਕਰਨ ਵਾਲੇ ਸੇਵਾਦਾਰਾਂ ਵਲੋਂ ਗੁਰੂ ਸਾਹਿਬ ਦੇ ਨਕਸ਼ੇ ਕਦਮ 'ਤੇ ਚੱਲਦਿਆਂ- ਸਭ ਤੋਂ ਵੱਡਾ ਧਰਮ ਕਿਸੇ ਦੀ ਜਾਨ ਬਚਾਉਣਾ ਦੇ ਫਲਸਫੇ 'ਤੇ ਚੱਲਦਿਆਂ ਅਜਿਹੇ ਜਖਮੀ ਬੇਜ਼ੁਬਾਨਾਂ ਦੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ।
ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਮਿਲ ਕੇ ਪਸ਼ੂਆਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਇਸ ਕੰਮ ਲਈ ਸਰਕਾਰ ਵਲੋਂ ਇਸ ਗਊਸ਼ਾਲਾ ਨੂੰ ਇਕ ਰੁਪਏ ਦੀ ਮਦਦ ਨਹੀਂ ਮਿਲ਼ਦੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਸਰਕਾਰੇ ਦਰਬਾਰੇ ਬਹੁਤ ਵਾਰ ਜਾ ਕੇ ਅਰਜ਼ੀ ਲਾਈ ਸੀ, ਪਰ ਫਿਲਹਾਲ ਅੱਜ ਤੱਕ ਉਨ੍ਹਾਂ ਦੇ ਪਿੰਡ ਦੀ ਇਸ ਗਊਸ਼ਾਲਾ ਨੂੰ ਕਦੇ ਇਨ੍ਹਾਂ ਬੇਜੁਬਾਨਾਂ ਦੀ ਮਦਦ ਲਈ ਸੇਵਾ ਨਹੀਂ ਮਿਲੀ।
ਮੁੱਢਲੀਆਂ ਲੋੜਾਂ ਦਾ ਸਾਮਾਨ ਮੁਹਈਆ ਕਰਵਾ ਦੇਵੇ ਸਰਕਾਰ: ਪਿੰਡ ਵਾਸੀ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਕੰਮ ਲਈ ਪੈਸੇ ਨਹੀਂ ਚਾਹੀਦੇ, ਬਸ ਸਰਕਾਰ ਰਹਿਮ ਕਰਦਿਆਂ ਇਨ੍ਹਾਂ ਬੇਜ਼ੁਬਾਨ ਪਸ਼ੂਆਂ ਦੀਆਂ ਲੋੜਾਂ ਦਾ ਜ਼ਰੂਰੀ ਸਮਾਨ ਪੂਰਾ ਕਰ ਦਿਆ ਕਰੇ। ਇਸ ਵਿੱਚ ਜਖ਼ਮੀ ਪਸ਼ੂਆਂ ਦੀਆਂ ਮੈਡੀਕਲ ਸਹਾਇਤਾ ਲਈ ਡਾਕਟਰੀ ਸੇਵਾਵਾਂ, ਮਰਹਮ ਪੱਟੀ, ਦਵਾਈਆਂ ਅਤੇ ਚਾਰਾ ਹੀ ਕਾਫੀ ਹੈ। ਉਨ੍ਹਾਂ ਦੱਸਿਆ ਕਿ ਇੱਥੇ 100 ਦੇ ਕਰੀਬ ਗਾਂਵਾਂ ਹਨ ਅਤੇ ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਭੇਤ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀ ਆਪਸੀ ਸਹਿਯੋਗ ਤੇ ਏਕਤਾ ਦਾ ਸੁਨੇਹਾ ਦਿੰਦਿਆ ਇਹ ਸੇਵਾ ਨਿਭਾਅ ਰਹੇ ਹਨ।
ਖ਼ੈਰ ਨਿਸ਼ਕਾਮ ਭਾਵਨਾ ਨਾਲ ਇਹਨਾਂ ਬੇਜੁਬਾਨਾਂ ਦੀ ਸੇਵਾ ਕਰ ਰਹੇ, ਇਸ ਗਉਸ਼ਾਲਾ ਦੇ ਸੇਵਾਦਾਰ ਅਤੇ ਪਿੰਡ ਵਾਸੀਆਂ ਦਾ ਜਜ਼ਬਾ ਆਪਣੇ ਆਪ ਵਿੱਚ ਕਾਬਿਲੇ ਤਾਰੀਫ਼ ਹੈ ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਅਪੀਲ ਕਰਦੇ ਹਾਂ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਕਾਰਜ ਲਈ ਸਰਕਾਰ ਉਨ੍ਹਾਂ ਦਾ ਬਣਦਾ ਸਹਿਯੋਗ ਕਰੇ।