ਅੰਮ੍ਰਿਤਸਰ: ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਜਿੱਥੇ 40 ਮੁਕਤਿਆਂ ਦੀ ਯਾਦ 'ਤੇ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ 'ਚ ਇੱਕ ਸਥਾਨ ਅਜਿਹਾ ਵੀ ਹੈ ਜਿੱਥੇ ਪਿਛਲੇ ਕਰੀਬ 78 ਸਾਲਾਂ ਤੋਂ 21 ਦਿਨ ਲਗਾਤਾਰ ਸ੍ਰੀ ਆਖੰਡ ਪਾਠ ਸਾਹਿਬ ਰੱਖੇ ਜਾਂਦੇ ਹਨ।ਇਹ ਗੁਰਦੁਆਰਾ ਦਰਬਾਰ ਤਪ ਅਸਥਾਨ ਸ਼੍ਰੀ ਬਾਬਾ ਹੰਦਾਲ ਜੀ ਨੱਥੂਆਣਾ ਜੰਡਿਆਲਾ ਵਿਖੇ ਸਥਿਤ ਹੈ। ਜਿੱਥੇ ਹਰ ਸਾਲ ਮਾਘੀ ਸੰਗਰਾਂਦ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
1946 ਤੋਂ ਸ਼ੁਰੂ ਹੋਏ ਸੀ ਪਾਠ: ਇਸ ਮੌਕੇ ਗੁਰਦੁਆਰਾ ਦਰਬਾਰ ਤਪ ਅਸਥਾਨ ਸ਼੍ਰੀ ਬਾਬਾ ਹੰਦਾਲ ਸਾਹਿਬ ਜੀ ਦੇ ਮੁੱਖ ਸੰਚਾਲਕ ਸੰਤ ਬਾਬਾ ਪਰਮਾਨੰਦ ਜੀ ਅਤੇ ਰਾਗੀ ਸਿੰਘਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1946 ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਸ਼ੁਰੂ ਕੀਤੀ ਗਈ ਸੀ ਜੋ ਕਿ ਅੱਜ 78ਵੇਂ ਸਾਲ ਵਿੱਚ ਪਰਵੇਸ਼ ਕਰ ਚੁੱਕੀ ਹੈ। ਉਹਨਾਂ ਨੇ ਅੱਜ ਦੇ ਇਸ ਖ਼ਾਸ ਦਿਨ ਦੀ ਮਹਾਨਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ।
21 ਆਖੰਡ ਪਾਠ ਸਾਹਿਬ ਦੇ ਪਾਏ ਭੋਗ: ਇਸ ਮੌਕੇ ਬਾਬਾ ਪਰਮਾਨੰਦ ਜੀ ਨੇ ਦੱਸਿਆ ਕਿ ਇਸ ਦਿਨ ਦੀ ਖੁਸ਼ੀ ਵਿੱਚ ਪਰਸੋਂ ਤੋਂ ਰੱਖੇ ਗਏ 21 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਪਾਏ ਗਏ। ਇਸ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸਿੰਘ ਸਾਹਿਬ ਜੀ ਅਤੇ ਕਥਾਵਾਚਕ ਅਤੇ ਰਾਗੀ ਜੱਥਿਆਂ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਆਈ ਸੰਗਤ ਨੇ ਗੁਰਦਆਰਾ ਸਾਹਿਬ ਵਿਖੇ ਆ ਕੇ ਸੱਚੇ ਪਾਤਿਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਸੰਤ ਬਾਬਾ ਪਰਮਾਨੰਦ ਜੀ ਨੇ ਕਿਹਾ ਕਿ ਹਰ ਇੱਕ ਨੂੰ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਸਿਮਰਨ ਕਰਨਾ ਚਾਹੀਦਾ ਹੈ ।ਉਨ੍ਹਾਂ ਨੇ ਕਿਹਾ ਕਿ ਸਿਮਰਨ ਨਾਲ ਹੀ ਜੀਵਨ ਰੂਪੀ ਬੇੜਾ ਪਾਰ ਹੁੰਦਾ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪੁੱਜੇ ਸੇਵਾਦਾਰਾਂ ਵਲੋਂ ਜੋੜੇ ਘਰ, ਲੰਗਰ, ਰਸਦਾ ਆਦਿ ਵੱਖ ਵੱਖ ਸੇਵਾਵਾਂ ਨਿਭਾਈਆਂ ਗਈਆਂ ਅਤੇ ਗੁਰੂ ਕਾ ਲੰਗਰ ਸੰਗਤ ਵਿੱਚ ਅਤੁੱਟ ਵਰਤਾਇਆ ਗਿਆ।