ਅੰਮ੍ਰਿਤਸਰ: ਪਿੰਡ ਟਾਂਗਰੇ 'ਚ ਗੁਰੂ ਘਰ ਦੇ ਗ੍ਰੰਥੀ ਵਲੋਂ ਖ਼ੁਦਕੁਸ਼ੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਵਾਸੀਆਂ ਨੇ ਬੱਚੀ ਨਾਲ ਛੇੜਛਾੜ ਦਾ ਇਲਜ਼ਾਮ ਲਗਾਉਂਦਿਆਂ ਉਕਤ ਗ੍ਰੰਥੀ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਗ੍ਰੰਥੀ ਨੇ ਟ੍ਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ।
ਕੀ ਸੀ ਪੂਰਾ ਮਾਮਲਾ?
ਦਰਅਸਲ, ਗ੍ਰੰਥੀ ਦਲਬੀਰ ਸਿੰਘ 'ਤੇ ਪਿੰਡ ਵਾਸਿਆਂ ਵੱਲੋਂ 4 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ ਲਗਾਏ ਗਏ ਸਨ। ਇੰਨਾ ਹੀ ਨਹੀਂ ਗ੍ਰੰਥੀ ਨਾਲ ਕੁਝ ਲੋਕਾਂ ਨੇ ਕੁੱਟਮਾਰ ਵੀ ਕੀਤੀ ਤੇ ਪੁਲਿਸ ਨੂੰ ਮਾਮਲੇ ਦੀ ਸੂਹ ਤੱਕ ਨਾ ਦਿੱਤੀ ਗਈ। ਗ੍ਰੰਥੀ ਦਲਬੀਰ ਸਿੰਘ ਇਸ ਘਟਨਾ ਤੋਂ ਬਾਅਦ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਹੋ ਗਿਆ ਕਿ ਉਸਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ।
ਮ੍ਰਿਤਕ ਗ੍ਰੰਥੀ ਦੀ ਪਤਨੀ ਨੇ ਦੱਸਿਆ ਕਿ ਪਿੰਡ ਵਾਸਿਆਂ ਵੱਲੋਂ ਮ੍ਰਿਤਕ ਨਾਲ ਬਦਸਲੂਕੀ ਕੀਤੀ ਗਈ ਸੀ, ਜਿਸਨੂੰ ਉਹ ਬਰਦਾਸ਼ਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਕਕਾਰ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਦਾ ਪਤੀ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਜਿਸਦੇ ਚੱਲਦਿਆਂ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਸ ਘਟਨਾ ਤੋਂ ਬਾਅਦ ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।