ਅੰਮ੍ਰਿਤਸਰ: ਦਿਹਾਤੀ ਦੇ ਕਸਬਾ ਖਲਚੀਆਂ ਦੀ ਦੁਕਾਨਦਾਰ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੁਆਰਾ ਪੰਜਾਬ ਵਿੱਚ ਸਰਕਾਰ ਵਲੋਂ ਕੀਤੀ ਗਈ ਤਾਲਾਬੰਦੀ ਖਿਲਾਫ 8 ਮਈ ਨੂੰ ਪੰਜਾਬ ਦੇ ਬਜ਼ਾਰ ਖੁਲ੍ਹਵਾਏ ਜਾਣ ਦੇ ਦਿੱਤੇ ਗਏ ਸੱਦੇ ਦਾ ਵੱਡੇ ਪੱਧਰ ’ਤੇ ਸਮਰਥਨ ਕੀਤਾ ਗਿਆ ਹੈ। ਖਲਚੀਆਂ ਦੁਕਾਨਦਾਰ ਰਵਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਕਾਰੋਬਾਰਾਂ ਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਉਹ ਪੁਰਜ਼ੋਰ ਯਤਨਸ਼ੀਲ ਹਨ ਪਰ ਸਰਕਾਰ ਕਰੋਨਾ ਨਿਯਮਾਂ ਦੀ ਪਾਲਣਾ ਦੇ ਨਾਮ ਤੇ ਉਨ੍ਹਾਂ ਨੂੰ ਡੋਬਣ ਤੇ ਤੁਲੀ ਹੋਈ ਹੈ। ਜੋ ਕਿ ਹਰਗਿੱਜ਼ ਬਰਦਾਸ਼ਤ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਬਿਮਾਰੀ ਨਾਲ ਲੜਨ ਲਈ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਬੇਹਤਰ ਕਰਨ ਦੀ ਬਜਾਏ ਸਰਕਾਰ ਦਾ ਸਾਰਾ ਜ਼ੋਰ ਤਾਲਾਬੰਦੀ ਵੱਲ ਲੱਗਾ ਹੋਇਆ ਹੈ ਅਤੇ ਇਸ ਸਮੱਸਿਆ ਦਾ ਹੱਲ ਨਹੀਂ ਹੈ, ਬਲਕਿ ਆਮ ਪਬਲਿਕ ਦੀਆਂ ਸਮੱਸਿਆਵਾਂ ਨੂੰ ਦੇਖ ਉਨ੍ਹਾਂ ਨੂੰ ਯਕੀਨ ਚ ਲੈ ਸਾਂਝੇ ਤੌਰ ਤੇ ਕਰੋਨਾ ਖਿਲਾਫ ਲੜਾਈ ਲੜੀ ਜਾ ਸਕਦੀ ਹੈ।
ਮੀਟਿੰਗ ਵਿੱਚ ਸਮੂਹ ਦੁਕਾਨਦਾਰਾਂ ਨੇ ਏਕਤਾ ਦਾ ਨਾਅਰਾ ਬੁਲੰਦ ਕਰਦਿਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਮਈ ਨੂੰ ਦੁਕਾਨਾਂ ਖੋਲਣ ਤੇ ਸਹਿਮਤੀ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਸਰਕਾਰ ਬਠਿੰਡਾ ਅਤੇ ਤਰਨ ਤਾਰਨ ਦੇ ਬਾਜਾਰਾਂ ਦੀ ਤਰਜ ’ਤੇ ਸਮਾਂਬੱਧ ਇਜਾਜ਼ਤ ਦੇਵੇ ਤਾਂ ਅਸੀਂ ਉਸ ਦੀ ਪਾਲਣਾ ਨੂੰ ਵੀ ਯਕੀਨੀ ਬਣਾਉਣ ਲਈ ਤਿਆਰ ਹਾਂ ਪਰ ਦੁਕਾਨਾਂ ਬਿਲਕੁਲ ਬੰਦ ਹੋਣ ਕਾਰਣ ਉਹ ਮਜਬੂਰੀ ਵੱਸ ਅਜਿਹੇ ਕਦਮ ਚੁੱਕਣ ਨੂੰ ਤਿਆਰ ਹਨ ਕਿਉਂਕਿ ਉਨ੍ਹਾਂ ਦੇ ਘਰ ਰੋਟੀ ਪਾਣੀ ਦਾ ਗੁਜ਼ਾਰਾ ਤੱਕ ਔਖਾ ਹੋ ਗਿਆ ਹੈ।