ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਗਿਆਨੀ ਜਗਤਾਰ ਸਿੰਘ ਨੇ ਆਪਣੀ ਰਿਹਾਇਸ਼ ਅੰਤਰਜਾਮੀ ਕਾਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ 'ਚ ਆਖ਼ਰੀ ਸਾਹ ਲਏ। ਸ਼ਾਮ 6 ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਹ ਅਕਾਲ ਚਲਾਣਾ ਕਰ ਗਏ। ਗਿਆਨੀ ਜਗਤਾਰ ਸਿੰਘ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਹਿਰ ਇੱਕ ਵਜੇ ਇਤਿਹਾਸਿਕ ਗੁਰੂਘਰ ਸੰਘਰਾਣਾ ਸਾਹਿਬ ਵਿਖੇ ਕੀਤਾ ਗਿਆ। ਇਸ ਮੌਕੇ ਕਈ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਅਤੇ ਧਾਰਮਿਕ ਜਥੇਬੰਦੀਆਂ ਵੀ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਮੌਕੇ ਸ਼ਾਮਿਲ ਹੋਈਆਂ।
ਜਥੇਦਾਰ ਨੇ ਕੀਤਾ ਦੁੱਖ ਦਾ ਪ੍ਰਗਟਾਅ: ਗਿਆਨੀ ਜਗਤਾਰ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਸੁਣਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਦੀ ਰਿਹਾਇਸ਼ ਵਿਖੇ ਪਹੰਚੇ। ਜਿੱਥੇ ਉਹਨਾ ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ਕਰਨ ਉੱਤੇ ਕਿਹਾ ਕਿ ਲੰਮਾ ਸਮਾਂ ਉਹਨਾ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਸੇਵਾ ਕੀਤੀ ਹੈ ਅਤੇ ਗੁਰੂ ਕੇ ਭਾਣੇ ਅੰਦਰ ਅੱਜ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
- Punjab flood: ਤਰਨਤਾਰਨ 'ਚ ਟੁੱਟੇ ਬੰਨ੍ਹ ਨੂੰ ਲੋਕਾਂ ਨੇ ਜੈਕਾਰਿਆਂ ਦੀ ਗੂੰਜ 'ਚ ਪੂਰਿਆ, 900 ਫੁੱਟ ਦੇ ਕਰੀਬ ਬੰਨ੍ਹ ਨੂੰ ਪਿਆ ਸੀ ਪਾੜ
- Punjab Cabinet Meeting: ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਵੱਡਾ ਫੈਸਲਾ, ਸੀਐੱਮ ਸਮੇਤ ਬਾਕੀ ਮੰਤਰੀਆਂ ਦੀ ਗ੍ਰਾਂਟ ਦੇ ਕੋਟੇ 'ਚ ਲੱਗਾ ਵੱਡਾ ਕੱਟ
- Crops Damage In Village : ਹੜ੍ਹ ਕਾਰਨ ਤਬਾਹ ਹੋਈਆਂ ਫ਼ਸਲਾਂ, ਈਟੀਵੀ ਭਾਰਤ ਨੂੰ ਪਿੰਡ ਵਾਸੀਆਂ ਨੇ ਕਿਹਾ- ਤੁਹਾਡੇ ਤੋਂ ਪਹਿਲਾਂ ਕਿਸੇ ਨੇ ਨਹੀਂ ਲਈ ਸਾਰ
ਨਾ ਪੂਰਾ ਹੋਣ ਵਾਲਾ ਘਾਟਾ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਨੇ ਜਿੱਥੇ ਵੱਖ-ਵੱਖ ਗੁਰੂਘਰਾਂ ਵਿੱਚ ਕਥਾਵਾਚਕ ਦੀਆਂ ਸੇਵਾਵਾਂ ਨਿਭਾਈਆਂ ਉੱਥੇ ਲੰਬਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ਼ ਜੋੜਿਆ ਅਤੇ ਗੁਰੂ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮਾਣਯੋਗ ਗਿਆਨੀ ਜਗਤਾਰ ਸਿੰਘ ਵੱਲੋਂ ਵਿਛੋੜਾ ਦੇ ਕੇ ਚਲੇ ਜਾਣਾ ਵੱਡਾ ਘਾਟਾ ਹੈ। ਜਿੰਨੇ ਪਿਆਰ ਦੇ ਨਾਲ ਉਹ ਬਾਣੀ ਪੜ੍ਹਦੇ ਸਨ ਅਜਿਹੇ ਬਹੁਤ ਘੱਟ ਲੋਕ ਹਨ, ਅਜਿਹਾ ਘਾਟਾ ਕਦੇ ਪੁਰਾ ਨਹੀਂ ਹੋ ਸਕਦਾ ਹੈ। ਜਿਕਰਯੋਗ ਹੈ ਕਿ ਗਿਆਨੀ ਜਗਤਾਰ ਸਿੰਘ ਜੀ ਨੇ ਸ੍ਰੀ ਹਰਮੰਦਿਰ ਸਾਹਿਬ 'ਚ ਮੁੱਖ ਗ੍ਰੰਥੀ ਵਜੋਂ ਲੰਬਾ ਸਮਾਂ ਸੇਵਾਵਾਂ ਦਿੱਤੀਆਂ ਅਤੇ ਪੰਥ ਦੀ ਸੇਵਾ ਕੀਤੀ।