ਅੰਮ੍ਰਿਤਸਰ: ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਅੰਮ੍ਰਿਤਸਰ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੰਜਾਬ ਵਿੱਚ ਵਧ ਰਹੀਆਂ ਗੈਂਗਵਾਰਾਂ ਅਤੇ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਸਬੰਧੀ ਜੱਗੂ ਭਗਵਾਨਪੁਰੀਆ ਉੱਤੇ ਚੱਲ ਰਹੇ ਮਾਮਲਿਆਂ ਨੂੰ ਲੈਕੇ ਉਸ ਦੀ ਕੋਰਟ ਵਿੱਚ ਪੇਸ਼ੀ ਹੋਈ।
ਪੁਲਿਸ ਨੂੰ ਨਹੀਂ ਮਿਲਿਆ ਰਿਮਾਂਡ: ਗੈਂਗਸਟਰ ਜੱਗੂ ਭਗਵਾਨਪੁਰੀਆ ਜਿਸ ਨੂੰ ਅੱਜ ਅੰਮ੍ਰਿਤਸਰ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੇ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਪਰ ਪੁਲਿਸ ਦੀ ਮੰਗ ਨੂੰ ਅਦਾਲਤ ਨੇ ਨਕਾਰ ਦਿੱਤਾ। ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਵਿੱਚ ਭੇਜ ਦਿੱਤਾ। ਅਦਾਲਤ ਵੱਲੋਂ ਪੁਲਿਸ ਨੂੰ ਰਿਮਾਂਡ ਨਹੀਂ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਕੋਰਟ ਵਿੱਚ ਜੱਗੂ ਭਗਵਾਨਪੁਰੀਏ ਨੂੰ ਪੇਸ਼ ਕੀਤਾ ਗਿਆ ਸੀ ਕਿਉਂਕਿ ਉਸ ਉੱਪਰ ਪੁਰਾਣੇ ਕੇਸਾਂ ਨੂੰ ਲੈ ਕੇ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਪੁੱਛਗਿਛ ਕੀਤੀ ਜਾਣੀ ਸੀ ਅਤੇ ਅੱਜ ਜਦੋਂ ਕੋਰਟ ਵਿੱਚ ਜੱਗੂ ਭਗਵਾਨਪੁਰੀਏ ਨੂੰ ਪੇਸ਼ ਕੀਤਾ ਗਿਆ ਤਾਂ ਉਸ ਨੂੰ ਜੁਡਿਸ਼ਰੀ ਵਿੱਚ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਤੋਂ ਇਲਾਵਾ ਜਦੋਂ ਜੱਗੂ ਭਗਵਾਨਪੁਰੀਏ ਦੇ ਵਕੀਲ ਨੂੰ ਮਾਮਲਿਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ: ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਕੇਸ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਚੱਲ ਰਹੇ ਹਨ ਅਤੇ ਜੱਗੂ ਭਗਵਾਨਪੁਰੀਏ ਨੂੰ ਅੰਮ੍ਰਿਤਸਰ ਦੀ ਕੋਰਟ ਵਿੱਚ ਪੇਸ਼ ਕਰਕੇ ਉਸ ਦੇ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ ਤਾਂ ਜੋ ਉਸ ਤੋਂ ਹੋਰ ਵੀ ਖੁਲਾਸੇ ਹੋ ਸਕਣ। ਵੇਖਣਾ ਹੋਵੇਗਾ ਕਿ ਪੁਲਿਸ ਹੁਣ ਦੁਬਾਰਾ ਕਦੋਂ ਜੱਗੂ ਭਗਵਾਨਪੁਰੀਆ ਨੂੰ ਕੋਰਟ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਦੀ ਹੈ।
ਦੱਸ ਦਈਏ ਪੰਜਾਬ ਦੇ ਮਰਹੂਮ ਅਤੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਜਿੱਥੇ ਮੁੱਖ ਤੌਰ ਉੱਤੇ ਵਿਦੇਸ਼ ਅਧਾਰਿਤ ਗੈਂਗਸਟਰ ਗੋਲਡੀ ਬਰੜ ਦਾ ਨਾਂਅ ਆਇਆ । ਇਸ ਤੋਂ ਇਲਾਵਾ ਜੇਲ੍ਹ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਕਤਲ ਨੂੰ ਲੈਕੇ ਨਾਮ ਸੁਰਖੀਆਂ ਵਿੱਚ ਰਿਹਾ। ਇਸੇ ਵਿਚਾਲੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਉੱਤੇ ਵੀ ਕਤਲ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲੱਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਸ਼ੂਟਰਾਂ ਨੂੰ ਹਥਿਆਰ ਅਤੇ ਟਰਾਂਸਪੋਰਟ ਲਈ ਗੱਡੀਆਂ ਉਪਲੱਬਧ ਕਰਵਾਉਣ ਦਾ ਕੰਮ ਜੱਗੂ ਭਗਵਾਨਪੁਰੀਆ ਨੇ ਕੀਤਾ ਸੀ।