ਅੰਮ੍ਰਿਤਸਰ: ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ। ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਬਾਦਲ ਪਰਿਵਾਰ ਵੱਲੋਂ ਜਾਰੀ ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀ ਤਹਿਤ ਪਾਠ ਦੇ ਭੋਗ ਪਾ ਕੇ ਨਵੇਂ ਪਾਠ ਦੀ ਅਰੰਭਤਾ ਮੌਕੇ ਹਰਸਿਮਰਤ ਕੌਰ ਬਾਦਲ ਨੇ ਹਾਜ਼ਰੀ ਭਰੀ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਨੇ ਦੇਸ਼ ਦੀ ਵੰਡ ਸਮੇਂ ਪੰਜਾਬ ਦੇ ਟੋਟੇ ਟੋਟੇ ਕੀਤੇ ਸਨ ਅਤੇ ਹੁਣ ਸੋ ਸਾਲਾਂ ਬਾਅਦ ਮੌਜੂਦਾ ਸਰਕਾਰ ਸਾਡੇ ਧਰਮ ਦੇ ਟੋਟੇ ਕਰਨ 'ਤੇ ਤੁਲੀ ਹੋਈ ਹੈ।
ਉਨ੍ਹਾਂ ਨਾਲ ਹੀ ਬੋਲਦੇ ਹੋਏ ਕਿਹਾ ਕਿ ਪਾਰਲੀਮੈਂਟ ਨੂੰ ਬਾਈਪਾਸ ਕਰਕੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ 'ਚ ਆਈ ਸ਼੍ਰੋਮਣੀ ਕਮੇਟੀ ਨੂੰ ਵੰਡਿਆ ਜਾ ਰਿਹਾ ਹੈ ਅਤੇ ਸਿੱਖਾਂ 'ਚ ਭਰਾ ਮਾਰੂ ਜੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਿੰਡਾਂ ਦੇ ਵਿੱਚ ਇਕੱਲਾ ਇਕੱਲਾ ਗੁਰਦੁਆਰਾ ਵੀ ਵੰਡਿਆ ਜਾਵੇਗਾ ਤੇ ਭਰਾ ਮਾਰੂ ਜੰਗ ਦੇ ਨਾਲ ਸਿੱਖ ਪੰਥ ਹੋਰ ਕਮਜ਼ੋਰ ਹੋਵੇਗਾ।
ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕਰਦੀ ਹਾਂ। ਇਸ ਦੇ ਅੱਗੇ ਬੋਲਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣੇ ਦਾ ਪੱਖ ਪੂਰਿਆ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਹਰਿਆਣੇ ਦਾ ਸਾਥ ਦਿੱਤਾ।
ਇਸ ਤੋਂ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਸਾਡੇ ਤੋਂ ਦਿੱਲੀ ਅਲੱਗ ਕੀਤੀ, ਫਿਰ ਹਰਿਆਣਾ ਵੱਖ ਕੀਤਾ। ਜੇਕਰ ਹੁਣ ਵੀ ਸਿੱਖ ਪੰਥ ਇਕੱਠਾ ਨਾ ਹੋਇਆ ਤਾਂ ਸਾਨੂੰ ਪੰਜਾਬ 'ਚ ਵੀ ਵੱਖ ਕਰ ਦਿੱਤਾ ਜਾਵੇਗਾ।
ਉਨ੍ਹਾਂ ਚੁਰਾਸੀ ਦੇ ਹਮਲੇ ਦੀ ਯਾਦ ਕਰਦੇ ਹੋਏ ਕਿਹਾ ਕਿ ਇੱਕ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ। ਹੁਣ ਦੀ ਮੌਜੂਦਾ ਸਰਕਾਰ ਨੇ ਸਿੱਖਾਂ ਦੇ ਉੱਤੇ ਅਜਿਹਾ ਹਮਲਾ ਕੀਤਾ ਹੈ ਕਿ ਬਿਨਾਂ ਟੈਂਕਾਂ ਤੋਪਾਂ ਤੋਂ ਹੀ ਸਿੱਖ ਕੌਮ ਦੇ ਟੋਟੇ ਹੋ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਮਖੌਟਿਆਂ 'ਚ ਲੁਕੇ ਪੰਥ ਵਿਰੋਧੀਆਂ ਦੀ ਪਹਿਚਾਣ ਕਰਨ ਦੀ ਲੋੜ ਹੈ ਅਤੇ ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਗੱਡੀ ਵਿੱਚ ਸਰਕਾਰੀ ਕਣਕ ਲੈਣ ਆਏ 'ਆਪ' ਦੇ ਪੰਚਾਇਤ ਮੈਂਬਰ, ਵੀਡੀਓ ਵਾਇਰਲ