ਅੰਮ੍ਰਿਤਸਰ: ਥਾਣਾ ਵੱਲਾ ਵਿਖੇ ਪੁਲਿਸ ਨੇ ਨਾਕਾਬੰਦੀ ਦੌਰਾਨ ਅੰਮ੍ਰਿਤਸਰ ਗੋਲਡਨ ਗੇਟ ਵੱਲੋ ਤੇਜ਼ ਰਫਤਾਰ ਨਾਲ ਆ ਰਹੀ ਸਵਿਫਟ ਕਾਰ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਕਾਰ ਨੂੰ ਟਾਰਚ ਦੀ ਰੋਸ਼ਨੀ ਨਾਲ ਰੁਕਣ ਦਾ ਇਸ਼ਾਰੇ 'ਤੇ ਕਾਰ ਚਾਲਕ ਕਾਰ ਹੌਲੀ ਕਰਕੇ ਚਕਮਾ ਦੇ ਕੇ ਭੱਜਣ ਲੱਗਾ ਪਰ ਪੁਲਿਸ ਮੁਲਾਜਮਾਂ ਨੇ ਬੈਰਿਕੇਡ ਅੱਗੇ ਕਰਕੇ ਕਾਰ ਨੂੰ ਘੇਰਾ ਪਾ ਲਿਆ।
ਕਾਰ 'ਚ 5 ਨੌਜਵਾਨ ਸਵਾਰ ਸਨ ਅਤੇ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ 'ਤੇ ਬੈਠੇ ਹੋਏ ਨੌਜਵਾਨ ਸਮੇਤ ਪਿਛਲੀ ਸੀਟ 'ਤੇ ਬੈਠੇ ਨੌਜਵਾਨਾਂ ਨੇ ਹੱਥ ਵਿੱਚ ਇੱਕ ਰਾਇਫਲ ਫੜੀ ਹੋਈ ਸੀ। ਨੌਜਵਾਨਾਂ ਦੀ ਪਛਾਣ ਮਨਰਾਜ ਸਿੰਘ ਸਰਤਾਜ ,ਦਵਿੰਦਰ ਸਿੰਘ, ਜਰਮਨਜੀਤ ਸਿੰਘ ਮਾਨਰਾਜ ਸਿੰਘ, ਗੁਰਜੀਤ ਸਿੰਘ ਵਜੋਂ ਹੋਈ ਹੈ ਅਤੇ ਪੰਜੇ ਨੌਜਵਾਨ ਤਰਨਤਾਰਨ ਦੇ ਰਹਿਣ ਵਾਲੇ ਹਨ।
ਦਵਿੰਦਰ ਸਿੰਘ ਕੋਲੋਂ 315 ਬੋਰ ਰਾਈਫਲ ਸਮੇਤ ਦੋ ਜ਼ਿੰਦਾ ਰੌਂਦ, ਗੁਰਜੀਤ ਸਿੰਘ ਦੀ ਖੱਬੀ ਡੱਬ 'ਚ 32 ਬੋਰ ਪਿਸਤੌਲ ਸਮੇਤ ਪੰਜ ਜ਼ਿੰਦਾ ਰੋਂਦ ਅਤੇ ਡੱਬੀ ਗੱਤੇ 'ਚ 14 ਰੌਂਦ ਬਰਾਮਦ ਹੋਏ। ਨਾਲ ਹੀ ਮਨਰਾਜ ਸਿੰਘ ਕੋਲੋਂ 315 ਬੋਰ ਮੈਗਜ਼ੀਨ ਨਾਲ ਦੋ ਰੌਂਦ ਬਰਾਮਦ ਹੋਏ। ਪੁਲਿਸ ਵੱਲੋਂ ਲਾਇਸੰਸ ਬਾਰੇ ਪੁੱਛੇ ਜਾਣ 'ਤੇ ਨੌਜਵਾਨਾਂ ਤੋਂ ਕੋਈ ਵੀ ਲਾਇਸੈਂਸ ਨਹੀਂ ਮਿਲਿਆ।
ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਮੁਕੱਦਮਾ ਦਰਜ ਕਰ ਲਿਆ ਹੈ ਜਿਸ ਵਿੱਚ ਮੁਲਜ਼ਮ ਦਵਿੰਦਰ ਸਿੰਘ 'ਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਤਿੰਨ ਮੁਕੱਦਮੇ ਪਹਿਲਾਂ ਤੋਂ ਦਰਜ ਹਨ ਅਤੇ ਪੁੱਛਗਿੱਛ 'ਤੇ ਉਸਨੇ ਦੱਸਿਆ ਕਿ ਉਸ ਦੇ ਭਰਾ ਧਰਮਿੰਦਰ ਸਿੰਘ ਉਰਫ ਗੋਲੀ 'ਤੇ ਪੰਜ ਮੁਕੱਦਮੇ ਦਰਜ ਹਨ ਜੋ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਦਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਸ਼ੂਬਮ ਗੈਂਗਸਟਰ ਨੇ ਉਸ ਦੇ ਪਰਿਵਾਰ ਤੇ ਫਾਇਰਿੰਗ ਕੀਤੀ ਹੈ ਅਤੇ ਸ਼ੁਭਮ ਉਸ ਨੂੰ ਲੱਭ ਰਿਹਾ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲੁਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।