ਅੰਮ੍ਰਿਤਸਰ: ਇੱਕ ਵਿਆਹੇ ਹੋਏ ਨੌਜਵਾਨ ਵੱਲੋਂ ਨਿੱਜੀ ਹੋਟਲ ਦੇ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਮੌਕੇ ਖ਼ੁਦਕੁਸ਼ੀ ਵਾਲੀ ਥਾਂ ਤੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ ਹੈ। ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਹਿਚਾਣ ਵਿਕਰਮਜੀਤ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕੋਈ ਸਬ-ਇੰਸਪੈਕਟਰ ਸੰਦੀਪ ਕੌਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ, ਜਿਸ ਤੋਂ ਬਾਅਦ ਉਸ ਨੇ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਪਹਿਲਾਂ ਕਈ ਵਾਰ ਕਿਹਾ ਹੈ ਕਿ ਸੰਦੀਪ ਕੌਰ ਉਸ ਨੂੰ ਬਹੁਤ ਹੀ ਜ਼ਿਆਦਾ ਤੰਗ ਕਰਦੀ ਹੈ।
ਤੁਹਾਨੂੰ ਦੱਸ ਦਈਏ ਕਿ ਮਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਸੁਸਾਈਡ ਨੋਟ ਲਿਖਿਆ ਜਿਸ ਵਿੱਚ ਉਸ ਨੇ ਇੱਕ ਮਹਿਲਾ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ, ਜਿਸ ਨਾਲ ਮ੍ਰਿਤਕ ਦੇ ਰਿਸ਼ਤੇ ਸਨ ਅਤੇ ਉਹ ਪੈਸੇ ਲਈ ਲਗਾਤਾਰ ਦਬਾਅ ਬਣਾ ਰਹੀ ਸੀ, ਮ੍ਰਿਤਕ ਨੇ ਸੁਸਾਈਡ ਨੋਟ 'ਚ ਲਿਖਿਆ ਸੀ ਹੁਣ ਤੱਕ ਉਹ ਮਹਿਲਾ ਸਬ-ਇੰਸਪੈਕਟਰ ਨੇ ਉਸ ਤੋਂ 18 ਲੱਖ ਰੁਪਏ ਲਏ ਹਨ ਅਤੇ ਉਹ ਅਜੇ ਵੀ ਉਸ ਨੂੰ ਬਲੈਕਮੇਲ ਕਰ ਰਹੀ ਹੈ ਜਿਸ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਸੰਦੀਪ ਕੌਰ ਉਸ ਦੇ ਪਿੰਡ ਮਹਿਤਾ ਦੀ ਹੈ, ਜੋ ਦੋ ਸਾਲ ਪਹਿਲਾਂ ਸਬ-ਇੰਸਪੈਕਟਰ ਬਣੀ ਸੀ, ਉਹ ਮ੍ਰਿਤਕ ਨੂੰ ਬਲੈਕਮੇਲ ਕਰ ਰਹੀ ਸੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਥਾਣੇਦਾਰ ਸੁਖਦੇਵ ਸਿੰਘ ਦੇ ਅਨੁਸਾਰ ਉਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ, ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।