ਅੰਮ੍ਰਿਤਸਰ: ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਜਿਥੇ ਉਨ੍ਹਾਂ ਵਲੋਂ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ, ਉਥੇ ਹੀ ਇਲਾਹੀ ਬਾਣੀ ਦਾ ਸਰਵਣ ਵੀ ਕੀਤਾ।
ਇਸ ਮੌਕੇ ਕਿਸਾਨ ਆਗੂ ਗੁਰਨਾਮ ਚੜੂਨੀ ਦਾ ਕਹਿਣਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਐੱਮ.ਐੱਸ.ਪੀ 'ਤੇ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਆੜ 'ਚ ਡਰ ਦਾ ਮਾਹੌਲ ਬਣਾ ਕੇ ਲੋਕਾਂ 'ਚ ਕਿਸਾਨਾਂ ਪ੍ਰਤੀ ਰੋਸ ਪੈਦਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਨਹੀਂ ਛੱਡਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਦੇ ਨਾਲ ਹੀ ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਰਾਵਣ ਨੇ ਆਪਣੀ ਜਿੱਦ ਕਾਰਨ ਪਰਿਵਾਰ ਤਬਾਹ ਕੀਤਾ ਸੀ, ਠੀਕ ਉਵੇਂ ਹੀ ਪ੍ਰਧਾਨ ਮੰਤਰੀ ਮੋਦੀ ਵੀ ਆਪਣੀ ਜਿੱਦ ਕਾਰਨ ਭਾਜਪਾ ਨੂੰ ਖ਼ਤਮ ਕਰਨ 'ਤੇ ਤੁਰੇ ਹੋਏ ਹਨ।