ਅੰਮ੍ਰਿਤਸਰ: ਸਰਬਜੀਤ ਸਿੰਘ ਦੀ ਪਾਕਿਸਤਾਨ 'ਚੋਂ ਰਿਹਾਈ ਲਈ ਲੜਨ ਵਾਲੀ ਦਲਬੀਰ ਕੌਰ ਹੁਣ ਖਾਲਿਸਤਾਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਨੌਜਵਾਨਾਂ ਦੀ ਮਦਦ ਕਰੇਗੀ। ਖਾਲਿਸਤਾਨੀ ਗਤੀਵਿਧੀਆਂ ਦੇ ਇਲਜ਼ਾਮ 'ਚ ਗ੍ਰਿਫਤਾਰ ਹੋਏ ਕਈ ਨੌਜਵਾਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਬੇਕਸੂਰ ਹਨ। ਉਨ੍ਹਾਂ ਨੂੰ ਫਸਾਇਆ ਗਿਆ ਹੈ।
ਇਨ੍ਹਾਂ ਪਰਿਵਾਰਾਂ 'ਚੋਂ ਜ਼ਿਆਦਾਤਰ ਉਹ ਹਨ ਜਿਨ੍ਹਾਂ ਦੇ ਬੱਚੇ (ਗ੍ਰਿਫ਼ਤਾਰ ਨੌਜਵਾਨ) ਵਿਦੇਸ਼ ਜਾਣ ਵਾਲੇ ਸਨ ਜਾਂ ਉਥੋਂ ਆਏ ਹੋਏ ਸਨ। ਇੱਕ ਪਰਿਵਾਰ ਨੇ ਤਾਂ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਪੁਲਿਸ ਆਪ ਵੀ ਹੁਣ ਤੱਕ ਇਹੀ ਕਹਿ ਰਹੀ ਹੈ ਕਿ ਨੌਜਵਾਨ ਬੇਕਸੂਰ ਹਨ, ਉਨ੍ਹਾਂ ਤੋਂ ਪੁੱਛਗਿੱਛ ਕਰਕੇ ਛੱਡ ਦਿੱਤਾ ਜਾਵੇਗਾ ਪਰ ਲੰਬਾ ਸਮੇਂ ਬੀਤਣ ਤੋਂ ਬਾਅਦ ਵੀ ਨੌਜਵਾਨਾਂ ਦੀ ਰਿਹਾਈ ਨਹੀਂ ਹੋ ਸਕੀ ਹੈ।
ਦਲਬੀਰ ਕੌਰ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਦੀ ਸ਼ਮੂਲੀਅਤ ਸੀ ਤਾਂ ਵੀ ਉਨ੍ਹਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਗਲਤੀ ਸੁਧਾਰ ਸਕਣ। ਇਸ ਤਰ੍ਹਾਂ ਦਾ ਵਿਵਹਾਰ ਉਨ੍ਹਾਂ ਦੀ ਖਾਲਿਸਤਾਨ ਬਾਰੇ ਮਾਨਸਿਕਤਾ ਨੂੰ ਹੋਰ ਦ੍ਰਿੜ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਬੇਰੁਜ਼ਗਾਰੀ ਵੱਧ ਹੋਣ ਕਾਰਨ ਨੌਜਵਾਨ ਗੁੰਮਰਾਹ ਹੋ ਰਹੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਨੌਜਵਾਨਾਂ ਦੀ ਕਾਊਂਸਲਿੰਗ ਹੋਵੇ ਤਾਂ ਸਰਹੱਦੀ ਇਲਾਕਿਆਂ 'ਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ।