ਪੰਜਾਬੀ ਵਿਆਖਿਆ:ਸੋਰਠਿ ਮਃ ੩ ਦੁਤੁਕੇ॥ ਹੇ ਭਾਈ, ਜੋ ਗੁਰੂ ਮਿਲ ਪਏ, ਤਾਂ ਮਨੁੱਖ ਆਤਮਿਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ। ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ। ਦੁਨੀਆ ਦੇ ਕਾਰ ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਹੇ ਭਾਈ ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪ੍ਰਮਾਤਮਾ ਵਿੱਚ ਮਿਲਾ ਦਿੰਦਾ ਹੈ। ਉਹ ਅਸਲੀ ਸਿੱਖ ਬਣ ਜਾਂਦਾ ਹੈ।੧।
ਹੇ ਮਨ, ਸਦਾ ਪ੍ਰਮਾਤਮਾ ਨਾਲ ਸੁਰਤਿ ਜੋੜੀ ਰੱਖ। ਹੇ ਮਨ, ਮੁੜ ਜਪ ਜਪ ਕੇ ਪ੍ਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ, ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਲੱਭ ਲੈਂਦਾ ਹੈ।ਰਹਾਉ। ਹੇ ਭਾਈ ! ਗੁਰੂ ਤੋਂ ਬਿਨਾਂ ਮਨੁੱਖ ਦਾ ਪ੍ਰਭੂ ਵਿੱਚ ਪਿਆਰ ਪੈਦਾ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਦੇ ਪਿਆਰ ਵਿੱਚ ਟਿਕਿਆ ਰਹਿੰਦਾ ਹੈ।
ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਜੋ ਵੀ ਧਾਰਮਿਕ ਕੰਮ ਕਰਦੇ ਹਨ। ਉਹ ਮੰਨੋ, ਤਹਿ ਹੀ ਕੁੱਟਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਵਿਚੋਂ ਕੁਝ ਹਾਸਲ ਨਹੀਂ ਹੁੰਦਾ।੨। ਹੇ ਭਾਈ, ਜੇਕਰ ਮਨੁੱਖ ਨੂੰ ਗੁਰੂ ਮਿਲ ਪਏ, ਤਾਂ ਪ੍ਰਮਾਤਮਾ ਦਾ ਨਾਮ, ਉਸ ਦੇ ਮਨ 'ਚ ਸਦਾ ਵੱਸਿਆ ਰਹਿੰਦਾ ਹੈ। ਮਨੁੱਖ ਸਦਾ ਸਥਿਰ ਪ੍ਰਭੂ ਦੀ ਪ੍ਰੀਤਿ ਵਿੱਚ ਪਿਆਰ 'ਚ ਰੁਝਿਆ ਰਹਿੰਦਾ ਹੈ।
ਹੇ ਭਾਈ, ਗੁਰੂ ਦੇ ਬਖ਼ਸ਼ੇ ਅਟੁੱਟ ਪਿਆਰ ਦੀ ਬਰਕਤਿ ਨਾਲ ਉਹ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ।੩। ਹੇ ਭਾਈ, ਜਿਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿਚ ਚਿੱਤ ਜੋੜਦਾ ਹੈ, ਉਸ ਦਾ ਜਗਤ ਵਿੱਚ ਆਉਣਾ ਸਫ਼ਲ ਹੋ ਜਾਂਦਾ ਹੈ। ਹੇ ਨਾਨਕ, ਗੁਰੂ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।੪।੮। ਐਤਵਾਰ, ੩ ਵੈਸਾਖ (ਸੰਮਤ ੫੫੫ ਨਾਨਕਸ਼ਾਹੀ) ੧੬ ਅਪ੍ਰੈਲ, ੨੦੨੩
ਇਹ ਵੀ ਪੜ੍ਹੋ: Aitq and Ashraf Shotout in pryagraj: ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਗੋਲੀਆਂ ਮਾਰ ਕੇ ਕਤਲ